
ਕਸਬਾ ਗੋਇੰਦਵਾਲ ਸਾਹਿਬ ਦੀ ਸ਼ਰਨਦੀਪ ਕੌਰ ਨੂੰ ਸਹੁਰੇ ਪਰਵਾਰ ਵਲੋਂ 14 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ਕਾਰਨ ਕੁੱਟ ਮਾਰ ਕਰ ਕੇ ਘਰੋਂ ਕੱਢਣ ਦਾ ਸਮਾਚਾਰ..........
ਤਰਨਤਾਰਨ : ਕਸਬਾ ਗੋਇੰਦਵਾਲ ਸਾਹਿਬ ਦੀ ਸ਼ਰਨਦੀਪ ਕੌਰ ਨੂੰ ਸਹੁਰੇ ਪਰਵਾਰ ਵਲੋਂ 14 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ਕਾਰਨ ਕੁੱਟ ਮਾਰ ਕਰ ਕੇ ਘਰੋਂ ਕੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸ਼ਰਨਦੀਪ ਕੌਰ ਨੇ ਦਸਿਆ ਕਿ ਉਸ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ 2 ਦਸੰਬਰ 2017 ਨੂੰ ਰਣਜੀਤ ਸਿੰਘ ਪੁੱਤਰ ਗੁਰਵੇਲ ਸਿੰਘ ਨਾਲ ਵਾਸੀ ਪਿੰਡ ਮੁਗਲਚੱਕ ਤਹਿਸੀਲ ਤੇ ਜਿਲ੍ਹਾ ਤਰਨ ਤਾਰਨ ਨਾਲ ਹੋਇਆ ਸੀ। ਉਸ ਦਾ ਪਤੀ ਪਿਛਲੇ 5 ਸਾਲਾਂ ਤੋਂ ਸਿੰਗਾਪੁਰ 'ਚ ਰਹਿੰਦਾ ਹੈ ਤੇ ਉਸ ਨੇ ਸ਼ਰਨਦੀਪ ਦੇ ਮਾਪਿਆਂ ਨਾਲ ਵਾਅਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਉਹ ਉਸ ਨੂੰ ਅਪਣੇ ਨਾਲ ਸਿੰਗਾਪੁਰ ਲੈ ਜਾਵੇਗਾ।
ਪਰ ਕਾਰ ਨਾ ਮਿਲਣ ਕਾਰਨ ਸ਼ਰਨਦੀਪ ਕੌਰ ਦੇ ਸਹੁਰਿਆਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਤੇ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਸ਼ਰਨਦੀਪ ਕੌਰ ਨਾਲ ਘਟੀਆ ਵਰਤਾਉ ਕਰਨਾ ਸ਼ੁਰੂ ਕਰ ਦਿਤਾ। ਸ਼ਰਨਦੀਪ ਦੇ ਵਿਆਹ ਤੋਂ ਕਰੀਬ ਇਕ ਮਹੀਨੇ ਬਾਅਦ ਹੀ ਜਦੋਂ ਉਸ ਦਾ ਪਤੀ ਸਿੰਗਾਪੁਰ ਚਲਾ ਗਿਆ ਤਾਂ ਉਸ ਦੀ ਸੱਸ, ਸਹੁਰੇ, ਨਣਾਨ ਤੇ ਦਿਉਰ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਤੇ ਸ਼ਰਨਦੀਪ ਨੂੰ ਉਸ ਦੇ ਪਤੀ ਪਾਸ ਸਿੰਗਾਪੁਰ ਭੇਜਣ ਬਦਲੇ ਉਸ ਪਾਸੋਂ 14 ਲੱਖ ਰੁਪਏ ਦੀ ਮੰਗ ਕੀਤੀ।
ਪਰ ਸ਼ਰਨਦੀਪ ਵਲੋਂ ਇੰਨੀ ਵੱਡੀ ਰਕਮ ਦੇਣ ਤੋਂ ਨਾਂਹ ਕਰਨ 'ਤੇ ਉਸਦੇ ਸਹੁਰੇ ਪਰਵਾਰ ਨੇ ਉਸ ਨੂੰ ਚੁੰਨੀ ਨਾਲ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕੁੱਟਮਾਰ ਕੇ ਘਰੋਂ ਕੱਢ ਦਿਤਾ। ਸ਼ਰਨਦੀਪ ਨੇ ਘਟਨਾ ਸਬੰਧੀ ਐਸ.ਐਸ.ਪੀ. ਤਰਨ ਤਾਰਨ ਨੂੰ ਅਪਣੇ ਸਹੁਰੇ ਪਰਵਾਰ ਵਿਰੁਧ ਕਾਰਵਾਈ ਕਰਨ ਲਈ ਲਿਖਤੀ ਦਰਖਾਸਤ ਦਿਤੀ। ਐਸ.ਐਸ.ਪੀ. ਸਾਹਿਬ ਨੇ ਇਨਕੁਆਰੀ ਕਰਨ ਲਈ ਡੀ.ਐਸ.ਪੀ. ਹੈੱਡ ਕੁਆਰਟਰ ਨੂੰ ਹੁਕਮ ਜਾਰੀ ਕੀਤੇ ਗਏ। ਦਿਲਚਸਪ ਗੱਲ ਇਹ ਹੈ ਕਿ ਜਦੋਂ ਡੀ.ਐਸ.ਪੀ. ਸਾਹਿਬ ਵਲੋਂ ਸ਼ਰਨਦੀਪ ਕੌਰ ਦੇ ਸਹੁਰੇ ਨੂੰ ਬੁਲਾਇਆ ਤਾਂ ਉਸ ਦੇ ਸਹੁਰੇ ਗੁਰਵੇਲ ਸਿੰਘ ਨੇ ਸ਼ਰਨਦੀਪ ਕੌਰ ਵਲੋਂ ਦਰਖ਼ਾਸਤ ਵਿਚ ਲਗਾਏ ਗਏ
ਦੋਸ਼ਾਂ ਦੀ ਤਸਦੀਕ ਕਰਦਿਆਂ ਇਹ ਵੀ ਮੰਨਿਆ ਕਿ ਉਨ੍ਹਾਂ ਨੇ 14 ਲੱਖ ਰੁਪਏ ਸ਼ਰਨਦੀਪ ਕੌਰ ਨੂੰ ਬਾਹਰ ਭੇਜਣ ਲਈ ਨਹੀਂ ਸਗੋਂ ਇਮਦਾਦ ਵਜੋਂ ਮੰਗੇ ਸਨ।
ਗੁਰਵੇਲ ਸਿੰਘ ਨੇ ਡੀ.ਐਸ.ਪੀ. ਸਾਹਿਬ ਨੂੰ ਸਪੱਸ਼ਟ ਕਹਿ ਦਿਤਾ ਕਿ ਉਹ ਕਿਸੇ ਵੀ ਕੀਮਤ 'ਤੇ ਸ਼ਰਨਦੀਪ ਕੌਰ ਨੂੰ ਅਪਣੇ ਘਰ ਨਹੀਂ ਵਸਾਉਣਗੇ। ਹੁਣ ਸ਼ਰਨਦੀਪ ਨੇ ਐਸ.ਐਸ.ਪੀ. ਸਾਹਿਬ ਪਾਸੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਸ ਦੇ ਪਤੀ, ਸਹੁਰੇ, ਸੱਸ, ਨਣਾਨ ਤੇ ਦਿਉਰ ਵਿਰੁਧ ਤੁਰਤ ਕੇਸ ਦਰਜ ਕਰ ਕੇ ਅਜਿਹੀ ਮਿਸਾਲੀ ਸਜ਼ਾ ਦਿਤੀ ਜਾਵੇ। ਡੀ.ਐਸ.ਪੀ. ਵਲੋਂ ਦੋਵਾਂ ਧਿਰਾਂ ਨੂੰ ਅਗਲੇ ਹਫ਼ਤੇ ਫਿਰ ਹਾਜ਼ਰ ਹੋਣ ਦੇ ਨੋਟਿਸ ਜਾਰੀ ਕੀਤੇ ਗਏ ਹਨ।