
ਬੀਤੇ ਕਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ ਵਿਚ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਨ ਉਪ੍ਰੰਤ..........
ਚੰਡੀਗੜ੍ਹ : ਬੀਤੇ ਕਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਬੈਠਕ ਵਿਚ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਨ ਉਪ੍ਰੰਤ ਅੱਜ ਸੱਤ ਮੈਂਬਰੀ ਧਰਮ ਪ੍ਰਚਾਰ ਕਮੇਟੀ ਦੀ ਬੈਠਕ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਿੰਡਾਂ ਵਿਚ ਮੈਡੀਕਲ ਕੈਂਪ ਲਾਉਣ, ਲੋਕਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਅਤੇ ਨਸ਼ਈ ਬਣ ਚੁੱਕੇ ਨੌਜਵਾਨਾਂ ਦਾ ਇਲਾਜ, ਅੰਮ੍ਰਿਤਸਰ ਦੇ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵਿਚ ਮੁਫ਼ਤ ਕਰਨ 'ਤੇ ਜ਼ੋਰ ਦਿਤਾ। ਧਰਮ ਪ੍ਰਚਾਰ ਕਮੇਟੀ ਮੈਂਬਰਾਂ ਨਾਲ ਘੰਟਿਆਂਬੱਧੀ ਵਿਚਾਰ ਇਹ ਹੋਇਆ ਕਿ ਸ਼੍ਰੋਮਣੀ ਕਮੇਟੀ ਅਪਣੇ ਚੁਣੇ ਹੋਏ ਸਾਰੇ 170 ਮੈਂਬਰਾਂ ਦੀ ਆਪੋ-ਅਪਣੇ
ਹਲਕੇ ਵਿਚ ਨਸ਼ਿਆਂ ਵਿਚ ਗਲਤਾਨ ਵਿਅਕਤੀਆਂ ਦੀ ਪਛਾਣ ਕਰਨ, ਬਣਦਾ ਇਲਾਜ ਕਰਾਉਣ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਨੂੰ ਲੈ ਕੇ ਜਾਣ ਦਾ ਪ੍ਰਬੰਧ ਕਰਨ ਅਤੇ ਪੂਰੀ ਜਾਂਚ ਉਪ੍ਰੰਤ ਪੀੜਤ ਵਿਅਕਤੀ ਤੇ ਪਰਵਾਰ ਦੀ ਮਾਲੀ ਮਦਦ ਵੀ ਕਰਨ ਲਈ ਡਿਊਟੀ ਲਾਈ ਜਾਵੇ। ਬੈਠਕ ਉਪ੍ਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਲੌਂਗੋਵਾਲ ਨੇ ਦਸਿਆ ਕਿ ਪਾਰਟੀ, ਜਥੇਬੰਦੀ ਅਤੇ ਸਿਆਸੀ ਸੋਚ ਤੋਂ ਉਪਰ ਉੱਠ ਕੇ ਸਾਰੇ ਦਲਾਂ ਨੂੰ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਇਸ ਬੀਮਾਰੀ ਤੇ ਅਲਾਮਤ ਨੂੰ ਪੰਜਾਬ 'ਚੋਂ ਕਢਣਾ ਬਣਦਾ ਹੈ। ਪ੍ਰਧਾਨ ਨੇ ਕਿਹਾ ਕਿ ਸਾਰੇ ਮੈਂਬਰ, ਅਹੁਦੇਦਾਰ, ਸੇਵਾਦਾਰ,
ਸ਼੍ਰੋਮਣੀ ਕਮੇਟੀ ਪ੍ਰਚਾਰਕ, ਕਰਮਚਾਰੀ ਨਸ਼ਿਆਂ ਦੇ ਕੋਹੜ ਨੂੰ ਪੰਜਾਬ 'ਚੋਂ ਕੱਢ ਕੇ ਦਮ ਲੈਣਗੇ। ਲੌਂਗੋਵਾਲ ਨੇ ਦਸਿਆ ਕਿ ਸਿੱਖ ਧਰਮ, ਸਿੱਖ ਸਿਧਾਂਤ ਅਤੇ ਗੁਰਬਾਣੀ ਮੁੱਢ ਤੋਂ ਹੀ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਪਾਬੰਦ ਹੈ। ਇਨ੍ਹਾਂ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿਤਾ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਤਾੜਨਾ ਕੀਤੀ ਕਿ ਪੰਜਾਬ ਸਰਕਾਰ ਦਾ, ਸਾਰੇ ਕਰਮਚਾਰੀਆਂ ਦਾ ਡੋਪ ਟੈਸਟ ਕਰਾਉਣ ਦਾ ਫ਼ੈਸਲਾ ਬੇਤੁਕਾ ਹੈ, ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਦਾ ਉਪਰਾਲਾ ਹੈ, ਉਲਟਾ ਸਰਕਾਰ ਦੇ ਸਿਹਤ ਅਤੇ ਮੈਡੀਕਲ ਵਿਭਾਗ ਨੂੰ ਲੰਮੀ-ਚੌੜੀ ਸਕੀਮ ਬਣਾ ਕੇ, ਪਿੰਡ, ਕਸਬਾ ਤੇ ਸ਼ਹਿਰ ਪੱਧਰ 'ਤੇ ਨਸ਼ਿਆਂ ਵਿਰੁਧ ਸੰਘਰਸ਼
ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਲੋਕ ਭਲਾਈ ਕੰਮ ਲਈ ਪੂਰਾ ਸਹਿਯੋਗ ਦੇਵੇਗੀ। ਹੈਲਮੇਟ ਪਾਉਣ ਦੇ ਅਦਾਲਤੀ ਫ਼ੈਸਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲਾਗੂ ਕਰਨ 'ਤੇ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਪਗੜੀ ਵਾਲੇ ਸਿੱਖ ਵਿਅਕਤੀ ਨੂੰ ਹੈਲਮਟ ਤੋਂ ਛੋਟ ਹੈ, ਉਸੇ ਤਰ੍ਹਾਂ ਹੀ ਕੌਰ ਨਾਂ ਵਾਲੀ ਸਿੱਖ ਬੀਬੀ ਤੇ ਅੰਮਿਤਧਾਰੀ 'ਕੇਸਗੀ' ਵਾਲੀ ਸਿੱਖ ਬੀਬੀ ਹੈਲਮਟ ਨਹੀਂ ਪਾਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਜਾਨ ਭਾਵੇਂ ਚਲੀ ਜਾਵੇ ਪਰ ਸਿੱਖ ਵਿਅਕਤੀ ਅਤੇ ਸਿੱਖ ਬੀਬੀ ਲਈ ਉਸ ਦਾ ਧਰਮ ਪਹਿਲਾਂ ਹੈ, ਉਸ ਦੀ ਰਾਖੀ ਕਰਨੀ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ 18 ਸਾਲ ਪਹਿਲਾਂ ਵੀ ਬੀਬੀਆਂ ਲਈ ਦੁਪਹੀਆ ਵਾਹਨ ਚਲਾਉਣ ਲਈ ਹੈਲਮਟ ਜ਼ਰੂਰੀ ਕੀਤਾ ਗਿਆ ਸੀ ਪਰ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਕਮੇਟੀਆਂ ਨੇ ਚੰਡੀਗੜ੍ਹ ਵਿਚ ਇਸ ਦਾ ਵਿਰੋਧ ਕੀਤਾ ਸੀ ਅਤੇ ਸਿੱਖ ਬੀਬੀਆਂ ਦੇ ਸਿਰਾਂ 'ਤੇ ਨਾਰੀਅਲ ਭੰਨ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖਾਂ ਦੇ ਸਿਰਾਂ ਦੀ ਸੁਰੱਖਿਆ ਧਰਮ ਖ਼ੁਦ ਕਰੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਔਰਤਾਂ ਭਾਵੇਂ ਕੇਸਗੀ ਸਜਾਉਣ ਜਾਂ ਨਾ ਸਜਾਉਣ, ਦੁਪੱਟਾ ਸਿਰ 'ਤੇ ਰੱਖਣ ਜਾਂ ਨਾ ਰੱਖਣ ਪਰ ਨਾਂ ਦੇ ਪਿੱਛੇ ਕੌਰ ਲਿਖਣ ਵਾਲੀ ਦੁਪਹੀਆ ਵਾਹਨ ਚਲਾਉਣ ਵਾਲੀ ਬੀਬੀ ਜਾਂ ਸਕੂਟਰ ਦੇ ਪਿੱਛੇ ਬੈਠਕ ਵਾਲੀ ਸਿੱਖ ਔਰਤ ਲਈ
ਹੈਲਮਟ ਲਾਉਣ ਦਾ ਵਿਰੋਧ ਕੀਤਾ ਜਾਵੇਗਾ। ਇਸ ਮੁੱਦੇ 'ਤੇ ਇਕ ਸਿੱਖ ਵਫ਼ਦ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਵੀ ਮਿਲੇਗਾ ਅਤੇ ਜੇ ਲੋੜ ਪਈ ਤਾਂ ਸ਼੍ਰੋਮਣੀ ਕਮੇਟੀ ਕਾਨੂੰਨੀ ਲੜਾਈ ਵੀ ਲੜੇਗੀ। ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਭਾਈ ਘਨੱਈਆ ਦੇ ਅਕਾਲ ਚਲਾਣੇ ਦੀ 300 ਸਾਲਾ ਸ਼ਤਾਬਦੀ ਮੌਕੇ 20 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਗੁਰਮਤਿ ਸਮਾਗਮ ਅਤੇ ਮੈਡੀਕਲ ਤੇ ਖ਼ੂਨਦਾਨ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਧਰਮ ਪ੍ਰਚਾਰ ਕਮੇਟੀ ਨੇ ਅਫ਼ਗ਼ਾਨਿਸਤਾਨ ਵਿਚ ਅਤਿਵਾਦੀ ਹਮਲੇ ਵਿਚ ਮਾਰੇ ਗਏ ਸਿੱਖਾਂ ਸਬੰਧੀ ਸੋਗ ਮਤਾ ਵੀ ਪਾਸ ਕੀਤਾ। ਮੀਟਿੰਗ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਪੜ੍ਹਦੀ ਸਿੱਖ ਕੁੜੀ ਮਨਦੀਪ ਕੌਰ ਨੂੰ ਉਥੋਂ ਦੇ ਦੋ ਮੁੰਡਿਆਂ ਵਲੋਂ ਪ੍ਰੇਸ਼ਾਨ ਕਰਨ ਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਉਣ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਤਕ ਪਹੁੰਚ ਕਰਨ ਦੀ ਗੱਲ ਵੀ ਆਖੀ ਗਈ।