
ਦੋ ਦਿਨ ਪਹਿਲਾਂ ਮੀਂਹ ਤੋਂ ਬਾਅਦ ਬਠਿੰਡਾ-ਅੰਮ੍ਰਿਤਸਰ ਸੜਕ ਇੱਕ ਹਿੱਸੇ ਦੇ ਧਸਣ ਦੇ ਮਾਮਲੇ ਨੂੰ ਲੈ ਕੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ....
ਬਠਿੰਡਾ: ਦੋ ਦਿਨ ਪਹਿਲਾਂ ਮੀਂਹ ਤੋਂ ਬਾਅਦ ਬਠਿੰਡਾ-ਅੰਮ੍ਰਿਤਸਰ ਸੜਕ ਇੱਕ ਹਿੱਸੇ ਦੇ ਧਸਣ ਦੇ ਮਾਮਲੇ ਨੂੰ ਲੈ ਕੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਅਕਾਲੀ ਸਰਕਾਰ ਦੌਰਾਨ ਘਟੀਆ ਸਮੱਗਰੀ ਨਾਲ ਬਣਾਈਆਂ ਸੜਕਾਂ ਦੀ ਜਾਂਚ ਹੋਵੇਗੀ ਤੇ ਮੁਲਜ਼ਮ ਠੇਕੇਦਾਰਾਂ ਸਮੇਤ ਅਧਿਕਾਰੀਆਂ ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ 2200 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ-ਅੰਮ੍ਰਿਤਸਰ ਸੜਕ ਦਾ ਧੱਸਣਾ ਇਕ ਗੰਭੀਰ ਮਾਮਲਾ ਹੈ, ਕਿਉਂਕਿ ਰਾਸ਼ਟਰੀ ਮਾਰਗ 'ਤੇ ਗੱਡੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਜਿਹੇ ਵਿਚ ਕੋਈ ਵੀ ਦੁਰਘਟਨਾ ਬਰਦਾਸ਼ਤ ਨਹੀਂ ਹੋਵੇਗੀ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਹੁਣ ਲੋਕ ਵੀ ਜਿਵੇਂ ਬਠਿੰਡਾ ਅੰਮ੍ਰਿਤਸਰ ਸੜਕ ਦਾ ਹਾਲ ਹੋਇਆ ਹੈ 'ਤੇ ਮੰਗ ਕਰਨ ਲੱਗੇ ਹਨ ਕਿ ਪੰਜਾਬ ਵਿੱਚ ਜੋਂ ਵੀ ਨਵੀਆਂ ਸੜਕਾਂ ਬਣੀਆ ਹਨ ਉਨ੍ਹਾਂ ਦੀ ਜਾਚ ਹੋਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਜਾ ਸ਼ਨੀਵਾਰ ਇਸਦੀ ਰਿਪੋਰਟ ਮਿਲੇਗੀ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਲੋਕ ਨਿਰਮਾਣ ਵਿਭਾਗ ਦੇ ਵਿਜੀਲੈਂਸ ਅਧਿਕਾਰੀਆਂ ਨਾਲ ਚੰਡੀਗੜ੍ਹ ਤੇ ਪਟਿਆਲਾ ਤੋਂ ਟੀਮਾਂ ਨੇ ਇਸ ਸੜਕ ਦਾ ਦੌਰਾ ਕੀਤਾ ਅਤੇ ਐਕਸੀਅਨ ਗਗਨਦੀਪ ਸਿੰਘ ਦੀ ਅਗਵਾਈ ਵਿਚ ਧੱਸੀ ਸੜਕ ਦੇ ਨਮੂਨੇ ਵੀ ਭਰੇ ਗਏ।
ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਅਧਿਕਾਰੀਆਂ ਜਾਂਚ ਲਈ ਪਹੁੰਚੇ। ਕੁਆਲਿਟੀ ਕੰਟਰੋਲ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਉਨ੍ਹਾਂ ਨੇ ਵੀ ਆਪਣੀ ਰਿਪੋਰਟ ਤਿਆਰ ਕਰਨ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ 5 ਵਜੇ ਇਕ ਭਾਰੀ ਟਰੱਕ ਉਥੋਂ ਲੰਘ ਰਿਹਾ ਸੀ ਜੋ ਧੱਸ ਗਿਆ ਤੇ ਪਿੱਛੇ ਤੇਜ ਰਫਤਾਰ ਨਾਲ ਆ ਰਹੀ ਸਵਿਫਟ ਕਾਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਾਰ 'ਚ ਸਵਾਰ ਚਾਰ ਮੈਂਬਰਾਂ ਨੂੰ ਮਾਮੂਲੀ ਸੱਟਾਂ ਆਈਆਂ ਸੀ। ਪੁਲਸ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਬੈਰੀਗੇਟ ਲਗਾ ਕੇ ਲੱਗਭਗ ਅੱਧਾ ਕਿਲੋਮੀਟਰ ਸੜਕ ਨੂੰ ਬੰਦ ਕਰ ਦਿੱਤਾ ਸੀ ਜਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।