
ਕੁੱਝ ਦਿਨ ਪਹਿਲਾਂ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਸੈਨੇਟ/ ਸਿੰਡੀਕੇਟ ਮੈਂਬਰਾਂ ਬਾਰੇ ਵੀ.ਸੀ. ਪ੍ਰੋ. ਅਰੁਨ ਗਰੋਵਰ ਵਲੋਂ ਬੋਲੇ ਅਪਸ਼ਬਦਾਂ ਤੋਂ ...
ਚੰਡੀਗੜ੍ਹ, ਕੁੱਝ ਦਿਨ ਪਹਿਲਾਂ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਸੈਨੇਟ/ ਸਿੰਡੀਕੇਟ ਮੈਂਬਰਾਂ ਬਾਰੇ ਵੀ.ਸੀ. ਪ੍ਰੋ. ਅਰੁਨ ਗਰੋਵਰ ਵਲੋਂ ਬੋਲੇ ਅਪਸ਼ਬਦਾਂ ਤੋਂ ਦੁਖੀ ਹੋਏ ਮੈਂਬਰਾਂ ਨੇ ਸਿੰਡੀਕੇਟ ਮੀਟਿੰਗ ਦਾ ਬਾਈਕਾਟ ਕਰ ਦਿਤਾ, ਜਿਸ ਕਾਰਨ ਮੀਟਿੰਗ ਮੁਲਤਵੀ ਕਰਨੀ ਪਈ। ਬਾਈਕਾਟ ਕਰਨ ਵਾਲੇ ਗਰੁਪ ਵਲੋਂ ਇਕ ਮੈਂਬਰ ਡਾ. ਸੁਭਾਸ਼ ਸ਼ਰਮਾ ਨੇ ਸਪੋਕਸਮੈਨ ਨੂੰ ਦਸਿਆ ਕਿ ਪ੍ਰੋ. ਗਰੋਵਰ ਪਿਛਲੇ ਕਈ ਮਹੀਨਿਆਂ ਤੋਂ ਸਿੰਡੀਕੇਟ/ਸੈਨੇਟ ਮੈਂਬਰਾਂ ਬਾਰੇ ਗ਼ਲਤ ਲਫ਼ਜ਼ ਬੋਲਦੇ ਹਨ, ਜਿਸ ਕਰ ਕੇ ਉਨ੍ਹਾਂ ਦਾ ਗਰੁੱਪ ਕਿਸੇ ਅਜਿਹੀ ਮੀਟਿੰਗ ਵਿਚ ਭਾਗ ਨਹੀਂ ਲਵੇਗਾ, ਜਿਸ ਦੀ ਪ੍ਰਧਾਨਗੀ ਪ੍ਰੋ. ਗਰੋਵਰ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਗਰੁੱਪ 8 ਜੁਲਾਈ ਨੂੰ ਹੋਣ ਵਾਲੀ ਸੈਨੇਟ ਵਿਚ ਵੀ ਹਿੱਸਾ ਨਹੀਂ ਲਵੇਗਾ। ਸਰਕਾਰੀ ਬੁਲਾਰੇ ਦਾ ਪੱਖ : ਪੰਜਾਬ ਯੂਨੀਵਰਸਟੀ ਦੇ ਬੁਲਾਰੇ ਨੇ ਜਾਰੀ ਪ੍ਰੈੱਸ ਬਿਆਨ ਵਿਚ ਦਸਿਆ ਕਿ ਮੈਂਬਰਾਂ ਦੇ ਨਾ ਆਉਣ ਕਰ ਕੇ ਮੀਟਿੰਗ ਮੁਲਤਵੀ ਕਰਨੀ ਪਈ। ਅੱਜ ਮੀਟਿੰਗ ਤੋਂ ਪਹਿਲਾਂ ਵੀ.ਸੀ. ਪ੍ਰੋ. ਗਰੋਵਰਅਤੇ ਰਜਿਸਟਰਾਰ, ਪੰਜਾਬ ਯੂਨੀਵਰਸਟੀ ਕੈਂਪਸ ਵਿਚ ਸੂਟਿੰਗ ਰੇਂਜ ਦੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਨ ਮਗਰੋਂ ਮੀਟਿੰਗ ਲਈ ਪੁੱਜੇ। ਸਰਕਾਰੀ ਬੁਲਾਰੇ ਨੇ ਦਾਅਵਾ ਕੀਤਾ ਕਿ ਵੀ.ਸੀ. ਨੇ 11:30 ਵਜੇ ਤਕ ਮੈਂਬਰਾਂ ਦੀ ਉਡੀਕ ਕੀਤੀ।
10 ਜੂਨ ਨੂੰ ਵੀ ਸਿੰਡੀਕੇਟ ਹੋਈ ਸੀ ਮੁਲਤਵੀ: ਇਸ ਤੋਂ ਪਹਿਲਾਂ 10 ਜੂਨ ਨੂੰ ਰੱਖੀ ਸਿੰਡੀਕੇਟ ਮੀਟਿੰਗ ਵੀ ਮੈਂਬਰਾਂ ਦੇ ਬਾਈਕਾਟ ਕਾਰਨ ਮੁਲਤਵੀ ਕਰਨੀ ਪਈ ਸੀ, ਇਹ ਮੈਂਬਰ ਵੀ.ਸੀ. ਪ੍ਰੋ. ਗਰੋਵਰ ਦੁਆਰਾ ਸਮੇਂ ਸਮੇਂ 'ਤੇ ਮੈਂਬਰਾਂ ਬਾਰੇ ਬੋਲੇ, ਬੋਲ-ਕਬੋਲਾਂ ਤੋਂ ਦੁਖੀ ਚਲੇ ਆ ਰਹੇ ਹਨ। 82 ਮੁੱਦਿਆਂ ਬਾਰੇ ਹੋਈ ਸੀ ਵਿਚਾਰ : ਮੌਜੂਦਾ ਵੀ.ਸੀ. ਪ੍ਰੋ. ਗਰੋਵਰ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਹ ਆਖ਼ਰੀ ਮੀਟਿੰਗ ਮੰਨੀ ਜਾ ਰਹੀ ਸੀ ਕਿਉਂਕਿ ਉਹ 22 ਜੁਲਾਈ ਨੂੰ ਸੇਵਾਮੁਕਤ ਹੋ ਰਹੇ ਹਨ। ਅੱਜ ਦੀ ਮੀਟਿੰਗ ਵਿਚ ਕੁਲ 82 ਮੁੱਦਿਆਂ 'ਤੇ ਵਿਚਾਰ ਹੋਣੀ ਸੀ।
ਸਿਰਫ਼ ਦੋ ਮੈਂਬਰ ਪੁੱਜੇ : ਸਿੰਡੀਕੇਟ ਦੇ ਚੁਣੇ ਹੋਏ 15 ਮੈਂਬਰਾਂ 'ਚੋਂ 14 ਮੈਂਬਰਾਂ ਨੇ ਬਾਈਕਾਟ ਕੀਤਾ ਜਦਕਿ ਪ੍ਰੋ. ਰੌਣਕੀ ਰਾਮ ਅਤੇ ਪੰਜਾਬ ਦੇ ਡੀ.ਪੀ.ਆਈ. ਕਾਲਜਾਂ ਨੂੰ ਮਿਲਾ ਕੇ ਦੋ ਮੈਂਬਰ ਹੀ ਮੀਟਿੰਗ ਲਈ ਪੁੱਜੇ। ਇਸ ਤੋਂ ਪਹਿਲਾਂ 10 ਜੂਨ ਨੂੰ ਚੁਣੇ ਹੋਏ ਦੋ ਮੈਂਬਰਾਂ ਨੂੰ ਮਿਲਾ ਕੇ 5 ਮੈਂਬਰ ਪੁੱਜੇ ਸਨ। ਸੈਨੇਟ ਮੀਟਿੰਗ ਰੱਦ ਨਹੀਂ : ਭਾਵੇਂ ਕੁੱਝ ਮੈਂਬਰਾਂ ਨੇ ਅੱਜ ਸਿੰਡੀਕੇਟ ਮੀਟਿੰਗ ਦਾ ਬਾਈਕਾਟ ਕਰਨ ਮਗਰੋਂ ਬਕਾਇਦਾ ਬਿਆਨ ਜਾਰੀ ਕੀਤਾ ਕਿ ਉਹ ਕੋਲ 8 ਜੁਲਾਈ ਨੂੰ ਹੋ ਰਹੀ ਸੈਨੇਟ ਬੈਠਕ ਦਾ ਵੀ ਬਾਈਕਾਟ ਕਰਨਗੇ। ਇਹ ਦਾਅਵਾ ਡਾ. ਸੁਭਾਸ਼ ਸ਼ਰਮਾ ਚੰਦ ਅਤੇ ਪ੍ਰਭਜੀਤ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤੀ।
ਜਦੋਂ ਯੂਨੀਵਰਸਟੀ ਬੁਲਾਰੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਕੋਲ ਮੀਟਿੰਗ ਰੱਦ ਕੀਤੇ ਜਾਣ ਬਾਰੇ ਕੋਈ ਸੂਚਨਾ ਨਹੀਂ ਹੈ। ਕਲ ਨੂੰ 10 ਵਜੇ ਮੀਟਿੰਗ ਰੱਖੀ ਗਈ ਹੈ। ਮੌਕੇ 'ਤੇ ਹੀ ਪਤਾ ਚਲੇਗਾ। ਇਸ ਤੋਂ ਪਹਿਲੀ ਸਿੰਡੀਕੇਟ ਦਾ ਵੀ ਉਪ ਕੁਲਪਤੀ ਨਾਲ ਭੇੜ ਹੁੰਦਾ ਰਿਹਾ ਹੈ। ਪ੍ਰੋ. ਗਰੋਵਰ ਵਲੋਂ ਅਪਣੀ ਪਤਨੀ ਨੂੰ ਸੰਗੀਤ ਵਿਭਾਗ ਵਿਚ ਪ੍ਰੋਫ਼ੈਸਰ ਨਿਯੁਕਤ ਕਰਨ ਦੇ ਰੋਸ ਵਜੋਂ ਮੈਂਬਰ ਸਿੰਡੀਕੇਟ ਦਾ ਬਾਈਕਾਟ ਕਰਦੇ ਰਹੇ ਹਨ। ਬਹੁਤ ਵਾਰ ਅਜਿਹਾ ਵੀ ਹੋਇਆ ਕਿ ਵੀ.ਸੀ. ਤੈਸ਼ ਵਿਚ ਆ ਕੇ ਮੀਟਿੰਗ ਛੱਡ ਕੇ ਭੱਜ ਜਾਂਦੇ ਰਹੇ ਹਨ।