
ਤਾੜਨਾ ਕੀਤੀ ਕਿ 'ਸ਼੍ਰੋਮਣੀ ਅਕਾਲੀ ਦਲ' ਨਾਮ ਨਹੀਂ ਰੱਖ ਸਕਦੇ
ਚੰਡੀਗੜ੍ਹ, 7 ਜੁਲਾਈ (ਜੀ.ਸੀ. ਭਾਰਦਵਾਜ): ਡੇਢ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਮੌਜੂਦਾ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਲੁਧਿਆਣਾ ਵਿਚ ਐਲਾਨੀ ਗਈ ਨਵੀਂ ਪਾਰਟੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਬੁਲਾਰੇ ਡਾ. ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਪਾਰਟੀ ਦਾ ਨਾਮ ਕੇਵਲ 'ਸ਼੍ਰੋਮਣੀ ਅਕਾਲੀ ਦਲ' ਰੱਖਣਾ ਗ਼ੈਰ ਕਾਨੂੰਨੀ ਤੇ ਗ਼ੈਰ ਸੰਵਿਧਾਨਕ ਹੈ ਕਿਉਂਕਿ 100 ਸਾਲ ਪੁਰਾਣੇ ਇਸ ਦਲ ਦੇ ਮੌਜੂਦਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਹਨ ਅਤੇ ਸ. ਢੀਂਡਸਾ ਖ਼ੁਦ ਅਪਣੇ ਆਪ ਇਸ ਨਾਮ ਦੀ ਪਾਰਟੀ ਦੇ ਪ੍ਰਧਾਨ ਨਹੀਂ ਅਖਵਾ ਸਕਦੇ।
Dr. Cheema
ਅੱਜ ਇਥੇ ਸੈਕਟਰ-28 ਦੇ ਮੁੱਖ ਦਫ਼ਤਰ ਵਿਚ ਇਕ ਭਰਵੀਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਸੱਤਾਧਾਰੀ ਕਾਂਗਰਸ ਦੇ ਮੁੱਖ ਮੰਤਰੀ ਦੇ ਇਸ਼ਾਰੇ ਅਤੇ ਦਿਸ਼ਾ ਨਿਰਦੇਸ਼ 'ਤੇ ਹੀ ਇਹ ਨਾਮ ਰਖਿਆ ਗਿਆ ਅਤੇ ਪਿਛਲੇ ਮਹੀਨੇ ਮੁੱਖ ਮੰਤਰੀ ਵਲੋਂ ਸੱਦੀ ਸਰਬ ਪਾਰਟੀ ਬੈਠਕ ਵਿਚ ਵੀ ਸ. ਸੁਖਦੇਵ ਸਿੰਘ ਢੀਂਡਸਾ ਨੂੰ ਬਤੌਰ 'ਸ਼੍ਰੋਮਣੀ ਅਕਾਲੀ ਦਲ' ਟਕਸਾਲੀ ਦੇ ਨੁਮਾਇੰਦੇ ਵਜੋਂ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੱਦਾ ਚਿੱਠੀ ਵਿਚ ਵੀ ਸ. ਢੀਂਡਸਾ ਦਾ ਪਤਾ ਕੋਠੀ ਨੰਬਰ 504 ਸੈਕਟਰ-11 ਲਿਖਿਆ ਸੀ।
ਡਾ. ਚੀਮਾ ਨੇ ਕਿਹਾ ਕਿ ਲੁਧਿਆਣਾ ਦੀ ਮੀਟਿੰਗ ਵਿਚੋਂ ਵੀ ਬਾਹਰ ਆ ਕੇ ਸ. ਬੀਰ ਦਵਿੰਦਰ ਸਿੰਘ, ਸ. ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਨੇਤਾਵਾਂ ਨੇ ਅੱਡੋ ਅੱਡ ਬਿਆਨ ਦਿਤੇ ਜਿਥੋਂ ਪਤਾ ਲਗਦਾ ਹੈ ਕਿ ਨਵਾਂ ਅਕਾਲੀ ਦਲ ਬਣਨ ਤੋਂ ਪਹਿਲਾਂ ਹੀ ਬਿਖਰ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਟਕਸਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਅਜੇ ਹਸਪਤਾਲ ਵਿਚ ਹਨ ਅਤੇ ਸ. ਢੀਂਡਸਾ ਨੇ ਅਪਣੇ ਆਪ ਨੂੰ ਪ੍ਰਧਾਨ ਵੀ ਥਾਪ ਦਿਤਾ ਅਤੇ ਸ. ਬ੍ਰਹਮਪੁਰਾ ਦੀ ਕੋਈ ਸਲਾਹ ਵੀ ਨਹੀਂ ਲਈ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਛੇਤੀ ਹੀ ਕਾਨੂੰਨੀ ਮਾਹਰਾਂ ਦੀ ਸਲਾਹ ਲਈ ਜਾਵੇਗੀ ਅਤੇ ਕੁਰਬਾਨੀਆਂ ਦੇਣ ਉਪਰੰਤ ਬਣੀ 1920 ਵਿਚ ਪਾਰਟੀ 'ਸ਼੍ਰੋਮਣੀ ਅਕਾਲੀ ਦਲ' ਕੋਈ ਹੋਰ ਨਹੀਂ ਰੱਖ ਸਕਦਾ। ਇਸ ਬਾਰੇ ਅਦਾਲਤੀ ਕੇਸ ਦਰਜ ਕਰਨ ਦਾ ਵਿਚਾਰ ਕਰਾਂਗੇ।