
ਲੋਕ ਸਭਾ ਮੈਂਬਰ ਪਰਨੀਤ ਕੌਰ ਵਲੋਂ ਸ਼ਹੀਦ ਦੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ
ਪਟਿਆਲਾ/ਸਮਾਣਾ, 7 ਜੁਲਾਈ (ਤੇਜਿੰਦਰ ਫ਼ਤਿਹਪੁਰ, ਚਮਕੌਰ ਮੋਤੀ ਫਾਰਮ): ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦਾ ਜਵਾਨ ਨਾਇਕ ਰਾਜਵਿੰਦਰ ਸਿੰਘ (29 ਸਾਲ) ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅਤਿਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਿਆ। ਜਿਊਂ ਹੀ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ ਵਾਲੀ ਖ਼ਬਰ ਪਿੰਡ ਦੋਦੜਾ ਪੁੱਜੀ, ਉਸੇ ਵੇਲੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੇ ਪਿਤਾ ਸ. ਅਵਤਾਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਅਪਣੀ ਜਾਨ ਦੇਸ਼ ਦੇ ਲੇਖੇ ਲਗਾ ਗਿਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਪੁੱਤ ਸ਼ਹੀਦ ਹੋਇਆ ਹੈ। ਉਨ੍ਹਾਂ ਦਸਿਆ ਕਿ ਭਾਰਤੀ ਫ਼ੌਜ ਵਲੋਂ ਉਨ੍ਹਾਂ ਨੂੰ ਇਸ ਖ਼ਬਰ ਬਾਰੇ ਅੱਜ ਸੂਚਿਤ ਕੀਤਾ ਗਿਆ।
File
ਸ. ਅਵਤਾਰ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਨੇ ਅਪਣੇ ਦੇਸ਼ ਦੀ ਦੁਸ਼ਮਣਾਂ ਤੋਂ ਰੱਖਿਆ ਕਰਦੇ ਹੋਏ ਅਤਿਵਾਦੀਆਂ ਦਾ ਡੱਟ ਕੇ ਬਹਾਦਰੀ ਨਾਲ ਮੁਕਾਬਲਾ ਕਰ ਕੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਸ ਨਾਲ ਉਸ ਦਾ ਅਤੇ ਉਸ ਦੇ ਪਿੰਡ ਸਮੇਤ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਕਰੀਬ 30 ਸਾਲਾਂ ਦਾ ਹੋ ਗਿਆ ਸੀ ਪਰ ਮੇਰੇ ਲਈ ਤਾਂ ਉਹ ਅਜੇ ਵੀ ਬੱਚਾ ਹੀ ਸੀ ਅਤੇ ਉਹ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਉਹ ਮੇਰੇ ਨਾਲ ਹੀ ਸੌਂਦਾ ਸੀ। ਸ਼ਹੀਦ ਦੀ ਮਾਂ ਸ੍ਰੀਮਤੀ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਗੱਲ 'ਤੇ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀਮਤੀ ਪਰਮਜੀਤ ਕੌਰ ਅਤੇ ਸ. ਨਿਰਭੈ ਸਿੰਘ ਸਮੇਤ ਪੂਰਾ ਪਿੰਡ ਅਤੇ ਹੋਰ ਰਿਸ਼ਤੇਦਾਰ ਪਰਵਾਰ ਨਾਲ ਦੁਖ ਵੰਡਾਉਣ ਲਈ ਉਨ੍ਹਾਂ ਦੇ ਘਰ ਪੁੱਜ ਗਏ।
ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੇ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸਾਡੇ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਅਜਾਂਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੁਖ ਦੀ ਘੜੀ 'ਚ ਉਹ ਖ਼ੁਦ ਅਤੇ ਉਨ੍ਹਾਂ ਦੇ ਸਮੁੱਚੇ ਪਰਵਾਰ ਸਮੇਤ ਸਾਰਾ ਪੰਜਾਬ ਤੇ ਸਾਡਾ ਦੇਸ਼ ਸ਼ਹੀਦਾਂ ਦੇ ਪਰਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸੇ ਦੌਰਾਨ ਕੈਬਨਿਟ ਮੰਤਰੀਆਂਬ੍ਰਹਮ ਮਹਿੰਦਰਾ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਵੀ ਸ਼ਹੀਦ ਨਾਇਕ ਰਾਜਵਿੰਦਰ ਸਿੰਘ ਦੀ ਸ਼ਹਾਦਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਅਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਨੇ ਵੀ ਪਰਵਾਰ ਨਾਲ ਦੁਖ ਸਾਂਝਾ ਕੀਤਾ ਹੈ ਅਤੇ ਸ਼ਹੀਦ ਦੇ ਪਰਵਾਰ ਨੂੰ ਭਰੋਸਾ ਦਿਤਾ ਕਿ ਇਸ ਦੁਖ ਦੀ ਘੜੀ 'ਚ ਉਹ ਪਰਵਾਰ ਨਾਲ ਖੜ੍ਹੇ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਦੇ ਪਰਵਾਰ ਦੇ ਦੁਖ 'ਚ ਸ਼ਰੀਕ ਹੈ। ਐਸ.ਡੀ.ਐਮ. ਸਮਾਣਾ ਨਮਨ ਮੜਕਨ, ਡੀ.ਐਸ.ਪੀ ਸ. ਜਸਵਿੰਦਰ ਸਿੰਘ ਮਾਂਗਟ ਤੇ ਤਹਿਸੀਲਦਾਰ ਸੰਦੀਪ ਸਿੰਘ ਨੇ ਵੀ ਦੁਖੀ ਪਰਵਾਰ ਨਾਲ ਦੁਖ ਵੰਡਾਇਆ ਹੈ।