
ਕੋਲਕਾਤਾ ਹਾਈ ਕੋਰਟ ਨੇ ਮਮਤਾ ਬੈਨਰਜੀ ਨੂੰ ਲਗਾਇਆ 5 ਲੱਖ ਰੁਪਏ ਦਾ ਜੁਰਮਾਨਾ
ਕੋਲਕਾਤਾ, 7 ਜੁਲਾਈ : ਕਲਕਤਾ ਹਾਈ ਕੋਰਟ ਵਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਲੱਗਾ ਹੈ। ਨੰਦੀਗ੍ਰਾਮ ਚੋਣਾਂ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਕੌਸ਼ਿਕ ਚੰਦਾ ਨੇ ਅਪਣੇ ਉਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਪਾਉਂਦੇ ਹੋਏ ਮਮਤਾ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਜਸਟਿਸ ਕੌਸ਼ਿਕ ਚੰਦਾ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਬੁਧਵਾਰ ਨੂੰ ਵੱਖ ਹੋ ਗਏ। ਮਮਤਾ ਬੈਨਰਜੀ ਤੋਂ ਜੁਰਮਾਨੇ ਦੇ ਰੂਪ ’ਚ ਜੋ ਪੰਜ ਲੱਖ ਰੁਪਏ ਦੀ ਰਕਮ ਵਸੂਲੀ ਜਾਵੇਗੀ, ਉਸ ਨਾਲ ਕੋਰੋਨਾ ਕਾਲ ’ਚ ਜਾਨ ਗੁਆਉਣ ਵਾਲੇ ਵਕੀਲਾਂ ਦੇ ਪ੍ਰਵਾਰਾਂ ਦੀ ਮਦਦ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮਮਤਾ ਦੇ ਵਕੀਲ ਨੇ ਨੰਦੀਗ੍ਰਾਮ ਕੇਸ ਦੀ ਸੁਣਵਾਈ ’ਚ ਪੱਖਪਾਤ ਦਾ ਹਵਾਲਾ ਦਿੰਦੇ ਹੋਏ ਜਸਟਿਸ ਕੌਸ਼ਿਕ ਚੰਦਾ ਦੀ ਬੈਂਚ ਤੋਂ ਮਾਮਲੇ ਨੂੰ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਮਮਤਾ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਜਸਟਿਸ ਕੌਸ਼ਿਕ ਚੰਦਾ ਨੂੰ ਹਮੇਸ਼ਾ ਭਾਜਪਾ ਨੇਤਾਵਾਂ ਨਾਲ ਵੇਖਿਆ ਗਿਆ ਹੈ। ਇਸ ’ਤੇ ਜਸਟਿਸ ਕੌਸ਼ਿਕ ਚੰਦਾ ਨੇ ਕਿਹਾ ਸੀ ਕਿ ਇਸ ਮਾਮਲੇ ’ਚ ਆਰਥਿਕ ਹਿੱਤ ਪੈਦਾ ਨਹੀਂ ਹੁੰਦਾ, ਇਹ ਸੁਝਾਅ ਦੇਣਾ ਬੇਤੁਕਾ ਹੈ ਕਿਇਕ ਜੱਜ ਜਿਸ ਦਾ ਕਿਸੇ ਲਈ ਇਕ ਰਾਜਨੀਤਿਕ ਪਾਰਟੀ ਨਾਲ ਸਬੰਧ ਹੈ, ਉਹ ਪੱਖਪਾਤ ਕਰ ਸਕਦਾ ਹੈ, ਵਾਦੀ ਦੇ ਦਿ੍ਰਸ਼ਟੀਕੋਣ ਕਾਰਨ ਕਿਸੇ ਜੱਜ ਨੂੰ ਪੱਖਪਾਤੀ ਨਹੀਂ ਵੇਖਿਆ ਜਾ ਸਕਦਾ।
ਜਸਟਿਸ ਕੌਸ਼ਿਕ ਚੰਦਾ ਨੇ ਕਿਹਾ ਕਿ ਪਟੀਸ਼ਨਕਰਤਾ ਦੇ ਮਾਮਲੇ ਨੂੰ ਸੁਣਨ ਲਈ ਮੇਰਾ ਕੋਈ ਨਿਜੀ ਝੁਕਾਅ ਨਹੀਂ ਹੈ, ਮੈਨੂੰ ਇਸ ਮਾਮਲੇ ਨੂੰ ਚੁੱਕਣ ’ਚ ਵੀ ਕੋਈ ਝਿਜਕ ਨਹੀਂ ਹੈ, ਚੀਫ਼ ਜਸਟਿਸ ਦੁਆਰਾ ਮੈਨੂੰ ਸੌਂਪੇ ਗਏ ਮਾਮਲੇ ਦੀ ਸੁਣਵਾਈ ਕਰਨਾ ਮੇਰਾ ਸੰਵਿਧਾਨਿਕ ਕਰਤਵ ਹੈ। ਜਸਟਿਸ ਚੰਦਾ ਨੇ ਬੈਨਰਜੀ ਦੀ ਚੋਣ ਸੰਬੰਧੀ ਪਟੀਸ਼ਨ ਨੂੰ ਅਪਣੀ ਅਦਾਲਤ ਤੋਂ ਹਟਾ ਦਿਤਾ। ਮਾਮਲਾ ਹੁਣ ਕਿਸੇ ਦੂਜੀ ਪੈਂਚ ਨੂੰ ਸੌਂਪਣ ਲਈ ਕਾਰਜਕਾਰੀ ਚੀਫ਼ ਜਸਟਿਸ ਰਾਜੇਸ਼ ਬਿੰਦਲ ਨੂੰ ਭੇਜਿਆ ਜਾਵੇਗਾ। (ਏਜੰਸੀ)