
ਸੰਯੁਕਤ ਕਿਸਾਨ ਮੋਰਚੇ ਵਲੋਂ ਸਿੰਘੂ ਬਾਰਡਰ ਤੋਂ 'ਸਦਭਾਵਨਾ ਮਿਸ਼ਨ' ਸ਼ੁਰੂੂ ਕਰਨ ਦਾ ਐਲਾਨ
ਮਿਸ਼ਨ-ਪੰਜਾਬ ਸਬੰਧੀ ਕੋਈ ਫ਼ੈਸਲਾ ਨਹੀਂ, ਅਫ਼ਵਾਹਾਂ ਦਾ ਖੰਡਨ
ਪ੍ਰਮੋਦ ਕੌਸ਼ਲ
ਲੁਧਿਆਣਾ, 7 ਜੁਲਾਈ: ਸੰਯੁਕਤ ਕਿਸਾਨ ਮੋਰਚਾ ਸਪੱਸ਼ਟ ਕਰਦਾ ਹੈ 'ਮਿਸ਼ਨ-ਪੰਜਾਬ' ਸਬੰਧੀ ਕਿਸਾਨ-ਜਥੇਬੰਦੀਆਂ ਨੇ ਕੋਈ ਫ਼ੈਸਲਾ ਨਹੀਂ ਲਿਆ, ਨਾ ਹੀ ਵਿਚਾਰਿਆ ਗਿਆ ਹੈ | ਮੋਰਚੇ ਨੇ ਚਲ ਰਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ | ਮੋਰਚਾ ਮੀਡੀਆ ਨੂੰ ਅਪੀਲ ਕਰਦਾ ਹੈ ਕਿ ਕਿਸੇ ਵੀ ਕਿਸਾਨ ਆਗੂ ਦੇ ਵਿਅਕਤੀਗਤ ਵਿਚਾਰਾਂ ਜਾਂ ਬਿਆਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲਿਆਂ ਵਜੋਂ ਨਾ ਪ੍ਰਚਾਰਨ | ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ਤੋਂ 'ਸਦਭਾਵਨਾ ਮਿਸ਼ਨ' ਸ਼ੁਰੂ ਕਰਨ ਦਾ ਐਲਾਨ ਕੀਤਾ | ਹਰ ਹਫ਼ਤੇ ਵੀਰਵਾਰ, ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਕਜਾਰੀਆ ਟਾਇਲਜ਼ ਕਿਸਾਨ ਅੰਦੋਲਨ ਦਫ਼ਤਰ ਵਿਖੇ ਮੈਡੀਕਲ ਮਾਹਰਾਂ ਦੁਆਰਾ ਅੱਖਾਂ ਦਾ ਕੈਂਪ ਲਗਾਇਆ ਜਾਵੇਗਾ ਅਤੇ ਹਰ ਐਤਵਾਰ ਨੂੰ ਵਿਸ਼ਵ ਪਧਰੀ ਕਾਰਡੀਓਲੋਜਿਸਟਸ ਦੁਆਰਾ ਦਿਲ ਦੇ ਰੋਗਾਂ ਦਾ ਕੈਂਪ ਲਗਾਇਆ ਜਾਵੇਗਾ | ਇਹ ਉਦੋਂ ਤਕ ਚਲੇਗਾ ਜਦੋਂ ਤਕ ਕਿਸਾਨੀ ਅੰਦੋਲਨ ਚਲਦਾ ਰਹੇਗਾ | ਇਹ ਮੁਫ਼ਤ ਸੇਵਾ ਲਈ ਹਰ ਇਕ ਲਈ ਹੋਵੇਗੀ | ਮੋਰਚੇ ਨੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸਾਰੇ ਕਿਸਾਨਾਂ ਦੇ ਨਾਲ ਨਾਲ ਵਿਰੋਧ ਪ੍ਰਦਰਸ਼ਨ ਸਥਾਨ ਦੇ ਆਸ ਪਾਸ ਦੇ ਪਿੰਡ ਵਾਸੀਆਂ ਨੂੰ ਸਦਭਾਵਨਾ ਮਿਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ |
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਡੀਜ਼ਲ, ਪਟਰੌਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ 8 ਜੁਲਾਈ, ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ
ਤਕ ਪੂਰੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਪ੍ਰਦਰਸ਼ਨਕਾਰੀ ਆਵਾਜਾਈ ਵਿਚ ਬਿਨਾਂ ਕੋਈ ਵਿਘਨ ਪਾਇਆ ਸਰਵਜਨਕ ਥਾਵਾਂ 'ਤੇ ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰਾਂ, ਕਾਰਾਂ, ਬਸਾਂ, ਟਰੱਕਾਂ ਅਤੇ ਵੱਖ-ਵੱਖ ਵਾਹਨਾਂ ਅਤੇ ਖ਼ਾਲੀ ਗੈਸ ਸਿਲੰਡਰ ਸਮੇਤ ਪ੍ਰਦਰਸ਼ਨ ਕਰਨਗੇ | ਮੋਰਚੇ ਨੇ ਅਪੀਲ ਕੀਤੀ ਹੈ ਕਿ ਰੋਸ ਪ੍ਰਦਰਸ਼ਨ ਦੌਰਾਨ ਸੜਕਾਂ ਨੂੰ ਨਾ ਰੋਕਿਆ ਜਾਵੇ, ਬਲਕਿ ਸੜਕ ਦੇ ਇਕ ਪਾਸੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣ | ਇਹ ਇਕ ਅਜਿਹਾ ਮੁੱਦਾ ਹੈ ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਕਰਦਾ ਹੈ, ਇਸ ਕਰ ਕੇ ਮੋਰਚਾ ਅਪੀਲ ਕਰਦਾ ਹੈ ਕਿ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਰਮਚਾਰੀ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਅਤੇ ਹੋਰ ਵਰਗਾਂ ਦੇ ਲੋਕ ਪ੍ਰਦਰਸ਼ਨਾਂ ਦਾ ਹਿੱਸਾ ਬਣਨ | ਪਿੰਡਾਂ ਦੇ ਕਿਸਾਨਾਂ ਦੇ ਵੱਡੇ ਕਾਫ਼ਲੇ ਅੱਜ ਟਰੈਕਟਰ ਟਰਾਲੀਆਂ ਸਮੇਤ ਸ਼ਾਹਜਹਾਂਪੁਰ ਮੋਰਚੇ 'ਤੇ ਪਹੁੰਚੇ | ਇਸੇ ਤਰ੍ਹਾਂ ਗਾਜ਼ੀਪੁਰ ਬਾਰਡਰ 'ਤੇ ਵੀ ਇਕ ਟਰੈਕਟਰ ਰੈਲੀ ਲਈ ਉਤਰ ਪ੍ਰਦੇਸ਼ ਦੇ ਕਈ ਜ਼ਿਲਿ੍ਹਆਂ ਵਿਚ ਲਾਮਬੰਦੀ ਹੋ ਰਹੀ ਹੈ | ਕਿਸਾਨ ਅੰਦੋਲਨ ਵੱਖ-ਵੱਖ ਥਾਵਾਂ 'ਤੇ ਸਥਾਨਕ ਸਹਾਇਤਾ ਨਾਲ ਚਲਦਾ ਹੈ, ਗਾਜ਼ੀਪੁਰ ਵਿਚ ਹਰ ਰੋਜ਼ ਹਾਪੁਰ ਅਤੇ ਮੁਜ਼ੱਫ਼ਰਨਗਰ ਦੇ ਪਿੰਡਾਂ ਵਿਚੋਂ ਦੁੱਧ ਆਉਂਦਾ ਹੈ, ਪਿੰਡੋਂ ਦੁੱਧ ਦੀ ਸਪਲਾਈ ਧਰਮ ਜਾਂ ਜਾਤ ਦੇ ਆਧਾਰ ਤੇ ਪੱਖਪਾਤ ਨਹੀਂ ਕਰਦੀ | ਇਸ ਪ੍ਰੈੱਸ ਬਿਆਨ ਨਾਲ ਸਾਂਝੀ ਕੀਤੀ ਜਾ ਰਹੀ ਇਕ ਤਸਵੀਰ ਹੈ ਅਫਜਲ ਪ੍ਰਧਾਨ ਅਤੇ ਉਸ ਦੇ ਸਹਿਯੋਗੀਆਂ ਦੀ ਹੈ, ਜੋ ਕਿ ਹਾਪੁਰ ਦੇ ਪਿੰਡ ਅਥੇਸੈਨੀ ਤੋਂ ਦੁੱਧ ਸਪਲਾਈ ਕਰਦੇ ਹਨ |
Ldh_Parmod_7_1: ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਰਹੇ ਹਨ, ਜਿਨ੍ਹਾਂ ਦਾ ਕਿਸਾਨ ਆਗੂਆਂ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਜਾ ਰਿਹਾ ਹੈ