
ਬੀਤੇ ਦਿਨੀਂ ਪਿੰਡ ਕਾਹਨੇਕੇ 'ਚ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਸੀ ਕਤਲ
Barnala News : ਬਰਨਾਲਾ ਪੁਲਿਸ ਨੇ ਨਿਹੰਗ ਸਿੰਘ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦੋਂਕਿ ਦੋ ਫਰਾਰ ਹਨ। ਨਿਹੰਗ ਸਿੰਘ ਦਾ ਬੀਤੇ ਦਿਨੀਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 01 ਜੁਲਾਈ ਨੂੰ ਜਸਵਿੰਦਰ ਸਿੰਘ (ਨਿਹੰਗ ਸਿੰਘ) ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਜੋ ਪਿਛਲੇ ਕਰੀਬ 7 ਸਾਲ ਤੋਂ ਪਿੰਡ 'ਚ ਬਣੇ ਆਪਣੇ ਪੁਰਾਣੇ ਘਰ 'ਚ ਇਕੱਲਾ ਹੀ ਰਹਿੰਦਾ ਸੀ, ਉਸ ਦਾ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਜਿਸਦੇ ਸਬੰਧ 'ਚ ਉਸਦੇ ਪਿਤਾ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਦੇ ਬਿਆਨ ਦੇ ਆਧਾਰ 'ਤੇ ਥਾਣਾ ਰੂੜੇਕੇ ਕਲਾਂ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸੰਦੀਪ ਸਿੰਘ ਮੰਡ ਪੀਪੀਐਸ ਕਪਤਾਲ ਪੁਲਿਸ ਡੀ ਬਰਨਾਲਾ, ਰਜਿੰਦਰਪਾਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਡੀ ਬਰਨਾਲਾ, ਮਾਨਵਜੀਤ ਸਿੰਘ ਸਿੱਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜਨ ਤਪਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ।
ਟੈਕਨੀਕਲ ਸੈਲ ਬਰਨਾਲਾ ਦੀ ਮਦਦ ਨਾਲ ਮੁਕੱਦਮੇ ਦੀ ਤਫਤੀਸ਼ ਤਕਨੀਕੀ ਢੰਗ ਨਾਲ ਅਮਲ 'ਚ ਲਿਆਂਦੀ ਗਈ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਬਲਦੇਵ ਸਿੰਘ ਵਾਸੀ ਬੋਪਾਰਾਏ, ਜ਼ਿਲ੍ਹਾ ਲੁਧਿਆਣਾ ਅਤੇ ਜਸਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਪ੍ਰਗਟ ਸਿੰਘ ਵਾਸੀ ਨੰਗਲ, ਥਾਣਾ ਸੁਧਾਰ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ। ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਗੁਰਮੇਲ ਸਿੰਘ ਵਾਸੀ ਅੱਬੂਵਾਲ ਜ਼ਿਲ੍ਹਾ ਲੁਧਿਆਣਾ ਅਤੇ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਦਵਿੰਦਰ ਸਿੰਘ ਵਾਸੀ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ।
ਉਕਤ ਮਾਮਲੇ 'ਚ ਮੋਟਰਸਾਇਕਲ ਬਰਾਮਦ ਕੀਤਾ ਗਿਆ। ਮਾਨਯੋਗ ਅਦਾਲਤ ਪਾਸੋਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ।