
ਜੇਲਾਂ ਦੀ ਸੁਰੱਖਿਆ ਲਈ ਸੈਂਸਰ, ਅਲਾਰਮਿੰਗ ਸਿਸਟਮ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਕੀਤਾ ਜਾਵੇਗਾ ਅਪਗ੍ਰੇਡ
ਚੰਡੀਗੜ੍ਹ : ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲਾਂ ਦੀ ਸਹੀਂ ਸਮੇਂ 'ਤੇ ਨਿਗਰਾਨੀ ਲਈ ਨਵੀਂ ਤਕਨੀਕਾਂ ਨੂੰ ਅਪਣਾਉਂਦਿਆਂ ਸੈਂਸਰ ਤੇ ਅਲਾਰਮਿੰਗ ਸਿਸਟਮ ਦੇ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਅਪਗ੍ਰੇਡ ਕੀਤਾ ਜਾਵੇ। ਇਹ ਗੱਲ ਉਨ੍ਹਾਂ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ 'ਚ ਕਹੀ।
Sukhjinder Singh Randhawa examines security of prisons with top officials
ਰੰਧਾਵਾ ਨੇ ਕਿਹਾ ਕਿ ਜੇਲਾਂ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਬਚਿਆ ਜਾ ਸਕੇ। ਮੀਟਿੰਗ ਦੌਰਾਨ ਜੇਲ ਵਿਭਾਗ ਵੱਲੋਂ ਉਤਰ ਪ੍ਰਦੇਸ਼ ਦੀਆਂ 70 ਜੇਲਾਂ ਦੀ ਸੁਰੱਖਿਆ ਲਈ ਇਕ ਪ੍ਰਾਈਵੇਟ ਫਰਮ ਵੱਲੋਂ ਅਪਣਾਈ ਗਈ ਵਿਧੀ ਦੀ ਪੇਸ਼ਕਾਰੀ ਵੀ ਜੇਲ ਮੰਤਰੀ ਨੂੰ ਦਿਖਾਈ ਗਈ। ਇਸ ਵਿਚ ਦਿਖਾਇਆ ਗਿਆ ਕਿ ਜੇਲਾਂ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਗਲਤ ਅਨਸਰਾਂ ਵੱਲੋਂ ਕਿਸੇ ਵੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਕੀਤੀ ਜਾਂਦੀ ਤਿਆਰੀ ਉਪਰ ਨਜ਼ਰ ਰੱਖਦਿਆਂ ਜੇਲ ਵਿਭਾਗ ਪਹਿਲਾਂ ਹੀ ਚੌਕਸ ਹੋ ਸਕਦਾ ਹੈ।
Sukhjinder Singh Randhawa examines security of prisons with top officials
ਇਨਫਰਾਰੈਡ ਰੇਡੀਏਸ਼ਨ ਦੇ ਆਧਾਰ 'ਤੇ ਬਣੇ ਇਸ ਸਿਸਟਮ ਰਾਹੀਂ ਕੈਦੀਆਂ ਦੀਆਂ ਫਿਜ਼ੀਕਲ ਗਤੀਵਿਧੀਆਂ ਰਾਹੀਂ ਪਹਿਲਾ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕੋਈ ਹਿੰਸਕ ਕਾਰਵਾਈ ਕਰਨ ਜਾ ਰਹੇ ਹਨ ਜੋ ਕਿ ਚੌਕਸੀ ਦੇ ਲਿਹਾਜ਼ ਨਾਲ ਬਹੁਤ ਵਧੀਆ ਤਕਨੀਕ ਹੈ। ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਲ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਆਪਸੀ ਬਿਹਤਰ ਤਾਲਮੇਲ ਨਾਲ ਜੇਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਲਾਂ ਵਿੱਚ ਮੁਲਾਕਾਤ ਵਾਲੀ ਥਾਂ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਅੰਦਰੂਨੀ ਬੈਰਕਾਂ ਅਤੇ ਜੇਲਾਂ ਦੀ ਅੰਦਰੂਨੀ ਦੀਵਾਰਾਂ 'ਤੇ ਸੁਰੱਖਿਆ ਜੇਲ ਵਿਭਾਗ ਪ੍ਰਸ਼ਾਸਨ ਵੱਲੋਂ ਰੱਖੀ ਜਾਵੇਗੀ।
Sukhjinder Singh Randhawa examines security of prisons with top officials
ਰੰਧਾਵਾ ਨੇ ਇਹ ਵੀ ਕਿਹਾ ਕਿ ਜੇਲਾਂ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਹਰਿਆ ਭਰਿਆ ਵੀ ਬਣਾਇਆ ਜਾਵੇ। ਜੇਲਾਂ ਅੰਦਰ ਫਲਦਾਰ ਬੂਟੇ ਲਾਏ ਜਾਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਕੈਦੀਆਂ ਵੱਲੋਂ ਕੀਤੀ ਜਾਵੇ। ਮੀਟਿੰਗ ਵਿਚ ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ, ਏ.ਡੀ.ਜੀ.ਪੀ. ਕੁਲਦੀਪ ਸਿੰਘ ਤੇ ਆਈ.ਜੀ. ਆਰ.ਕੇ. ਅਰੋੜਾ ਅਤੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾ. ਮਨਮੋਹਨ ਵੀ ਹਾਜ਼ਰ ਸਨ।