ਪੰਜਾਬ ਕਾਂਗਰਸ ਦੀ ਅੰਦਰੂਨੀ ਜੱਦੋ ਜਹਿਦ
ਚੰਡੀਗੜ੍ਹ, 7 ਅਗੱਸਤ (ਜੀ.ਸੀ. ਭਾਰਦਵਾਜ) : ਪੰਜਾਬ ਦੀ ਸਾਢੇ 3 ਸਾਲ ਪੁਰਾਣੀ ਕਾਂਗਰਸ ਸਰਕਾਰ ਦੀ ਰਲਵੀਂ-ਮਿਲਵੀਂ ਕਾਰਗੁਜ਼ਾਰੀ ਦੇ ਮੱਦੇਨਜ਼ਰ ਲੋਕਾਂ ਵਲੋਂ ਹਾਂ ਪੱਖੀ ਹੁੰਗਾਰੇ ਦੀ ਕਮੀ ਕਾਰਨ ਅਤੇ ਗੁਆਂਢੀ ਸੂਬੇ ਰਾਜਸਥਾਨ ਵਿਚ ਮੁੱਖ ਮੰਤਰੀ ਵਿਰੁਧ ਉਠੀਆਂ ਬਾਗ਼ੀ ਸੁਰਾਂ ਸਦਕਾ ਇਸ ਸਰਹੱਦੀ ਸੂਬੇ ਵਿਚ ਵੀ ਦਲਿਤ ਤੇ ਜੱਟ ਨੇਤਾਵਾਂ ਨੇ ਮਿਲ ਕੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ।
ਰਾਜ ਸਭਾ ਮੈਂਬਰਾਂ ਅਤੇ ਦੋਹਾਂ ਸਾਬਕਾ ਕਾਂਗਰਸ ਪ੍ਰਧਾਨਾਂ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੇ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 118 ਮੌਤਾਂ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਹੋਣ ਦਾ ਸਿੱਧਾ ਦੋਸ਼ ਦੋ ਤਿਹਾਈ ਬਹੁਮਤ ਵਾਲੀ ਸਰਕਾਰ ਦੇ ਮੁੱਖ ਮੰਤਰੀ ਸਿਰ ਮੜ੍ਹਿਆ ਹੈ ਅਤੇ ਖੁਲ੍ਹ ਕੇ ਕਿਹਾ ਹੈ ਕਿ ਕੁਝ ਚਹੇਤੇ ਕਾਂਗਰਸੀ ਨੇਤਾਵਾਂ ਤੇ ਵਿਧਾਇਕਾਂ ਦੇ ਸ਼ਰਾਬ ਦੇ ਧੰਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਚੁਪ ਹਨ।
ਰੋਜ਼ਾਨਾ ਸਪੋਕਸਮੈਨ ਨਾਲ ਗਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਦਸਿਆ ਕਿ ਬਾਜਵਾ ਦੂਲੋ ਜੋੜੀ ਵਲੋਂ ਪਾਰਟੀ ਦੀ ਸਾਖ ਨੂੰ ਲਾਏ ਧੱਬੇ, ਦਿਖਾਈ ਅਨੁਸ਼ਾਸਨਹੀਨਤਾ, ਜ਼ਹਿਰੀਲੀ ਸ਼ਰਾਬ ਦਾ ਧੰਦਾ ਕਾਂਗਰਸੀਆਂ ਉਤੇ ਮੜ੍ਹਨ ਦਾ ਦੋਸ਼, ਇਸ ਸਾਰੇ ਮਾਮਲੇ ਦੀ ਰਿਪੋਰਟ ਪੰਜਾਬ ਦੀ ਸਿਆਸੀ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਖ਼ੁਦ ਆਪ ਲੈ ਕੇ ਹਾਈ ਕਮਾਂਡ ਪਹੁੰਚ ਗਏ ਹਨ।
ਆਸ਼ਾ ਕੁਮਾਰੀ ਨੇ ਸੋਨੀਆ ਗਾਂਧੀ ਨਾਲ ਇਸ ਸਾਰੇ ਕਾਂਡ ਦੀ ਚਰਚਾ ਕਰਨੀ ਹੈ ਜਿਸ ਉਪਰੰਤ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਦਿੱਲੀ ਤਲਬ ਕੀਤਾ ਜਾ ਸਕਦਾ ਹੈ ਤਾਕਿ ਉਹ ਅਪਣਾ ਪਖ ਰਖ ਸਕਣ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਅਰਸੇ ਤੋਂ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਮੈਂਬਰ ਰਹੇ ਪ੍ਰਤਾਪ ਬਾਜਵਾ ਦਾ ਮੁੱਖ ਮੰਤਰੀ ਵਿਰੁਧ ਗੁੱਸਾ ਇਸ ਕਰ ਕੇ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ 'ਤੇ ਜ਼ੋਰ ਪਾ ਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਬਾਜਵਾ ਤੋਂ ਖੋਹ ਲਈ ਸੀ ਅਤੇ ਖੁਦ ਦੋ ਤਿਹਾਈ ਬਹੁਮਤ ਵਾਲੀ ਸਰਕਾਰ ਦਾ ਮੁਖੀਆ ਬਣਨ ਉਪਰੰਤ ਇਹ ਸਿਹਰਾ ਸੁਨੀਲ ਜਾਖੜ ਸਿਰ ਰੱਖ ਦਿਤਾ ਸੀ।
ਰੋਜ਼ਾਨਾ ਸਪੋਕਸਮੈਨ ਵਲੋਂ ਕਾਂਗਰਸ ਦੇ ਤਜ਼ਰਬੇਕਾਰ ਨੇਤਾਵਾਂ ਸਿਆਸੀ ਮਾਹਰਾਂ ਸੂਬੇ ਦੀ ਸਿਆਸਤ 'ਤੇ ਨਜ਼ਰ ਰਖਣ ਵਾਲੇ ਲੇਖਕਾਂ ਤੇ ਇਤਿਹਾਸਕਾਰਾਂ ਨਾਲ ਮੌਜੂਦਾ ਸਥਿਤੀ ਤੇ ਭਵਿਖ ਬਾਰੇ ਕੀਤੀ ਚਰਚਾ ਤੋਂ ਨਿਚੋੜ ਸਾਹਮਣੇ ਆਇਆ ਹੈ ਕਿ ਮਜਬੂਤ ਤੇ ਹਰਮਨ ਪਿਆਰੇ ਨੇਤਾ ਮਹਾਰਾਜਾ ਪਟਿਆਲਾ ਤੋਂ ਬਾਅਦ ਡੇਢ ਸਾਲ ਮਗਰੋਂ ਅਸੈਂਬਲੀ ਚੋਣਾਂ ਵੇਲੇ ਕਮਾਨ ਸੰਭਾਲਣ ਦੀ ਸਾਰੀ ਜੱਦੋ ਜਹਿਦ ਕਸ਼ਮਕਸ਼ ਅਤੇ ਸਿੱਧੀ ਅਸਿੱਧੀ ਲੜਾਈ ਹੈ।
ਭਾਵੇਂ ਕਾਂਗਰਸ ਵਿਚ ਖਹਿਬਾਜ਼ੀ ਤੇ ਗੁਟਬਾਜ਼ੀ ਸਿਖਰਾਂ 'ਤੇ ਹੈ, ਨਵਜੋਤ ਸਿੱਧੂ, ਪ੍ਰਗਟ ਸਿੰਘ, ਨੌਜੁਆਨ ਸਿਆਸੀ ਨੇਤਾ ਰਾਜਾ ਵੜਿੰਗ, ਨਾਗਰਾ, ਆਸ਼ੂ ਸਮੇਤ ਦਲਿਤ ਆਗੂ ਚੰਨੀ, ਵੇਰਕਾ ਤੇ ਹੋਰ ਵੀ ਘਟ ਨਹੀਂ ਅਤੇ ਸੁਨੀਲ ਜਾਖੜ ਨਾਲ ਮਝੈਲ ਜੱਟ ਰੰਘਾਵਾ, ਤ੍ਰਿਪਤ ਵੀ ਮਜਬੂਤ ਹਨ ਪਰ ਕੈਪਟਨ ਦੇ ਮੈਦਾਨ ਵਿਚ ਨਾ ਹੋਣ ਕਾਰਨ ਇਨ੍ਹਾਂ ਗੁੱਟਾਂ ਦੇ ਖਿੰਡਣ-ਪੁੰਡਣ ਦਾ ਡਰ ਹੈ। ਹਾਈ ਕਮਾਂਡ ਖੁਦ ਵੀ ਕਾਫੀ ਕਮਜ਼ੋਰ ਹੈ।
ਸਿਆਸੀ ਮਾਹਰਾਂ ਦੀ ਰਾਏ ਹੈ ਕਿ ਅਕਾਲੀ ਦਲ ਸਿਰ ਬੇਅਦਬੀ ਮਾਮਲਿਆਂ ਦਾ ਦੋਸ਼ ਮੜ੍ਹਨ ਲਈ ਕਾਂਗਰਸ ਸਰਕਾਰ ਨੇ ਸਾਡੇ ਤਿੰਨ ਸਾਲ ਲਾ ਦਿਤੇ। ਸੰਕਟਮਈ ਵਿਤੀ ਹਾਲਤ ਨੂੰ ਨਹੀਂ ਸੁਧਾਰਿਆ, ਹੁਣ ਡੇਢ ਸਾਲ ਵਿਚ ਕੋਰੋਨਾ ਵਾਇਰ ਦੇ ਬਹਾਨੇ, ਕਾਰਗੁਜ਼ਾਰੀ ਪਹਿਲਾਂ ਨਾਲੋਂ ਵੀ ਧਲੇ ਆ ਗਈ, ਸਰਕਾਰ ਇਸ ਪਰਖ ਦੀ ਘੜੀ ਵਿਚੋਂ ਕਿਵੇਂ ਕਾਮਯਾਬ ਹੋ ਕੇ ਨਿਕਲੇਗੀ, ਇਹ ਵੱਡਾ ਸੁਆਲ ਹੈ।
ਦੂਜੇ ਪਾਸੇ ਅਕਾਲੀ ਦਲ ਵਿਚੋਂ ਵੱਖ ਹੋਏ ਢੀਂਡਸਾ ਗੁਟ ਵੀ ਅਜੇ ਡਿਕੇ-ਡੋਲੇ ਖਾ ਰਿਹਾ ਹੈ ਅਤੇ ਕੇਂਦਰ ਵਿਚ ਭਾਜਪਾ ਲੀਡਰਸ਼ਿਪ 'ਤੇ ਆਸ ਲਾਈ ਬੈਠਾ ਹੈ ਕਿ ਸ਼ਾਇਦ ਬਾਦਲਾਂ ਨੂੰ ਪਰੇ ਕਰ ਕੇ ਨਵਾਂ ਅਕਾਲੀ ਭਾਜਪਾ ਗਠਜੋੜ 2022 ਵਿਚ ਪੰਜਾਬ ਨੂੰ ਸੰਭਾਲ ਲਵੇ। ਵਿਰੋਧੀ ਧਿਰ ਆਪ ਵੀ 4 ਗਰੁਪਾਂ ਵਿਚ
ਮੈਂ ਕੈਪਟਨ ਦੀ ਇੱਜ਼ਤ ਕਰਦਾ ਹਾਂ ਪਰ ਸ਼ਰਾਬ ਮਾਫ਼ੀਆ ਵਿਰੁਧ ਹਾਂ : ਦੂਲੋਂ
ਖੰਨਾ, 7 ਅਗੱਸਤ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸੰਧੂ ਨੇ ਅੱਜ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੁੱਜੇ ਯੂਥ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਆਖਿਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਕਰਦੇ ਹਨ ਪਰ ਸ਼ਰਾਬ ਮਾਫ਼ੀਆ ਵਿਰੁਧ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਯੂਥ ਆਗੂਆਂ ਅਤੇ ਵਰਕਰਾਂ ਨੂੰ ਨਸੀਹਤ ਦਿਤੀ ਕਿ ਉਹ ਹੱਕ ਤੇ ਸੱਚ ਨਾਲ ਡਟਣ, ਜੇਕਰ ਉਨ੍ਹਾਂ ਚੰਗੇ ਨੇਤਾ ਬਣਨਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਵੀਡੀਉ ਕਾਨਫ਼ਰੰਸਿੰਗ 'ਤੇ ਸਾਰੀ ਸਥਿਤੀ ਬਾਰੇ ਦਸਿਆ ਗਿਆ ਹੈ ਕਿ ਕਿਵੇਂ ਪੰਜਾਬ ਅੰਦਰ ਸ਼ਰਾਬ ਮਾਫ਼ੀਆਂ ਬਹੁਤ ਜ਼ਿਆਦਾ ਭਾਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਅੱਜ ਤਕ 100 ਤੋਂ ਉਪਰ ਮੌਤਾਂ ਹੋ ਚੁੱਕੀਆਂ ਨੇ ਜਦੋਂ ਕਿ 300 ਦੇ ਕਰੀਬ ਹਾਲੇ ਬੀਮਾਰ ਪਏ ਹਨ। ਉਨ੍ਹਾਂ ਇਹ ਗੱਲ ਮੁੜ ਦੁਹਰਾਈ ਕਿ ਬਹੁਤ ਸਾਰੇ ਮੰਤਰੀ ਅਤੇ ਐਮਐਲਏ ਸ਼ਰਾਬ ਮਾਫ਼ੀਆ ਨੂੰ ਸ਼ਹਿ ਦੇ ਰਹੇ ਹਨ ਜਿਸ ਨਾਲ ਕਾਂਗਰਸ ਦਾ ਗ੍ਰਾਫ਼ ਸੂਬੇ ਅੰਦਰ ਥੱਲੇ ਜਾ ਰਿਹਾ ਹੈ।