
ਫਟੇ ਕਪੜੇ ਪਾ ਕੇ ਪੇਂਟਿੰਗ ਕਰਨ ਵਾਲਾ ਪੇਂਟਰ ਨਹੀਂ ਸਗੋਂ ਉਸੇ ਸਕੂਲ ਦਾ ਅਧਿਆਪਕ
2003 ’ਚ ਭਾਰਤ ਸਰਕਾਰ ਤੋਂ ਮਿਲ ਚੁੱਕੈ ‘ਬੈਸਟ ਸਟੂਡੈਂਟ’ ਦਾ ਐਵਾਰਡ
ਪਟਿਆਲਾ, 7 ਅਗੱਸਤ (ਅਵਤਾਰ ਸਿੰਘ ਗਿੱਲ) : ਸਰਕਾਰੀ ਸਕੂਲ ਦੇ ਬਾਹਰ ਪੇਂਟ ਕਰ ਰਿਹਾ ਇਹ ਪੇਂਟਰ ਜਿਸ ਨੂੰ ਵੇਖ ਕੇ ਤੁਹਾਨੂੰ ਇਹ ਜ਼ਰੂਰ ਲਗੇਗਾ ਕਿ ਇਹ ਦਿਹਾੜੀ ਉਤੇ ਰਖਿਆ ਹੋਵੇਗਾ ਇਹ ਹੈ ਪਟਿਆਲਾ ਦਾ ਸਰਕਾਰੀ ਮਲਟੀ ਪ੍ਰਪਜ਼ ਸੀਨੀਅਰ ਸਕੈਂਡਰੀ ਸਕੂਲ, ਜਿਸ ਦਿਆਂ ਦੀਵਾਰਾਂ ਨੂੰ ਇਹ ਪੇਂਟਰ ਮੂੰਹੋ ਬੋਲਦੀਆਂ ਤਸਵੀਰਾਂ ਨਾਲ ਸਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਪੇਂਟਰ ਦਿਹਾੜੀ ਨਹੀਂ, 60 ਹਜ਼ਾਰ ਤਨਖਾਹ ਲੈਂਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਹ ਪੇਂਟਰ ਇਸੇ ਸਕੂਲ ਦਾ ਸਾਬਕਾ ਵਿਦਿਆਰਥੀ ਹੋਣ ਦੇ ਨਾਲ ਨਾਲ ਬੱਚਿਆਂ ਲਈ ਇਕ ਮਾਰਗਦਰਸ਼ਕ ਵੀ ਬਣ ਰਿਹਾ ਹੈ ਕਿਉਕਿ ਇਹ ਪੇਂਟਰ ਇਸੇ ਸਕੂਲ ਵਿਚ ਪੜ੍ਹ ਕੇ ਅੱਜ ਇਸੇ ਸਕੂਲ ਵਿਚ ਅਧਿਆਪਕ ਦੇ ਤੌਰ ’ਤੇ ਸੇਵਾਵਾਂ ਦੇ ਰਿਹਾ ਹੈ। ਜ਼ਰੂਰੀ ਨਹੀਂ ਕਿ ਸਰਕਾਰੀ ਅਧਿਆਪਕ ਧੁੱਪ ਸੇਕ ਕੇ ਸਵੈਟਰ ਬੁਣ ਕੇ ਹੀ ਵਾਪਸ ਆ ਜਾਣ। ਕੁਝ ਅਜਿਹੇ ਅਧਿਆਪਕ ਵੀ ਹਨ ਜੋ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਵੀ ਬਣ ਰਹੇ ਹਨ। 2003 ਵਿਚ ਭਾਰਤ ਸਰਕਾਰ ਵਲੋਂ ਬੈਸਟ ਸਟੂਡੈਂਟਸ ਦਾ ਅਵਾਰਡ ਲੈ ਚੁੱਕੇ ਸੁਖਬੀਰ ਸਿੰਘ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਇਸੇ ਸਰਕਾਰੀ ਸਕੂਲ ਵਿਚ ਪੜ੍ਹ ਕੇ ਇਕ ਮੁਕਾਮ ਹਾਸਲ ਕੀਤਾ ਅਤੇ ਇਕ ਮੀਲ ਪੱਥਰ ਸਾਬਤ ਕਰਦੇ ਅੱਜ ਉਸੇ ਸਕੂਲ ਵਿਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿੱਥੇ ਕਦੇ ਆਪ ਉਹ ਸਿਖਿਆ ਹਾਸਲ ਕਰਦੇ ਰਹੇ। ਕੋਵਿਡ ਦੌਰਾਨ ਜਦੋਂ ਹਰ ਕੋਈ ਅਪਣੇ ਘਰ ਵਿਚ ਕੈਦ ਸੀ ਤਾਂ ਸੁਖਬੀਰ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਸਕੂਲ ਦੀਆਂ ਕੰਧਾਂ ਨੂੰ ਖ਼ੂਬਸੂਰਤ ਦਿੱਖ ਦੇਣ ਲਈ ਇਜ਼ਾਜਤ ਮੰਗੀ, ਜਿਸ ’ਤੇ ਕੋਈ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਪ੍ਰਿੰਸੀਪਲ ਤੋਤਾ ਸਿੰਘ ਵਲੋਂ ਜੇਬ ’ਚੋਂ ਪੈਸਾ ਖ਼ਰਚ ਕੇ ਇਸ ਅਧਿਆਪਕ ਨੂੰ ਰੰਗ ਮੁਹਈਆ ਕਰਵਾਏ, ਜਿਸ ਦੇ ਨਾਲ ਇਸ ਅਧਿਆਪਕ ਨੇ ਕੈੜੀ ਧੁੱਪ ਵਿਚ ਮਿਹਨਤ ਕਰ ਕੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਕੰਧਾਂ ਨੂੰ ਕੁੱਝ ਅਜਿਹੀ ਦਿੱਖ ਪ੍ਰਦਾਨ ਕੀਤੀ ਜੋ ਦੇਖਣ ਵਾਲਾ ਇਕ ਵਾਰ ਇਨ੍ਹਾਂ ਕੰਧਾਂ ’ਤੇ ਪੇਂਟ ਕੀਤੀਆਂ ਸਿਖਿਆ ਨਾਲ ਭਰਪੂਰ ਤਸਵੀਰਾਂ ਨੂੰ ਖੜ੍ਹ ਕੇ ਦੇਖਣ ਲਈ ਮਜ਼ਬੂਰ ਹੋ ਜਾਂਦਾ ਹੈ। ਇਥੇ ਹੀ ਸੁਖਬੀਰ ਸਿੰਘ ਦੇ ਇਸ ਉਪਰਾਲੇ ਨੂੰ ਦੇਖਦੇ ਕੁੱਝ ਵਿਦਿਆਰਥੀ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੇ ਅੱਜ ਖੜ੍ਹੀਆਂ ਦੀਵਾਰਾਂ ’ਤੇ ਤਸਵੀਰਾਂ ਉਕੇਰਨ ਦੀ ਕਲਾ ਵਿਚ ਅਜਿਹੀ ਮੁਹਾਰਤ ਹਾਸਲ ਕਰ ਲਈ ਹੈ ਜੋ ਦੇਖਿਆਂ ਹੀ ਬਣਦੀ ਹੈ। ਇਸ ਉਪਰਾਲੇ ਨਾਲ ਜਿਥੇ ਸੁਖਬੀਰ ਸਕੂਲ ਨੂੰ ਨਵੀਂ ਦਿੱਖ ਤਾਂ ਦੇ ਹੀ ਰਹੇ ਹਨ, ਉਥੇ ਹੀ ਨਾਲੋ ਨਾਲ ਬੱਚਿਆ ਦੇ ਪ੍ਰੈਕਟੀਕਲ ਵੀ ਹੋ ਜਾਂਦੇ ਹਨ।
ਸੁਖਬੀਰ ਨੇ ਕਿਸ ਤਰ੍ਹਾਂ ਹਾਸਲ ਕੀਤਾ ਇਹ ਮੁਕਾਮ :
ਪੰਜਾਬ ਦਾ ਨੰਬਰ 1 ਸਮਾਰਟ ਸਕੂਲ ਬਣਾਉਣ ਵਾਲੇ ਪ੍ਰਿੰਸੀਪਲ ਤੋਤਾ ਸਿੰਘ ਦਸਦੇ ਹਨ ਕਿ ਕਿਸ ਤਰ੍ਹਾਂ ਕਰੜੀ ਮਿਹਨਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਪਟਿਆਲਾ ਨੂੰ ਉਨ੍ਹਾਂ ਨੇ ਪੰਜਾਬ ਦਾ ਨੰਬਰ 1 ਸਮਾਰਟ ਸਕੂਲ ਬਣਾਇਆ। ਇਸ ਵਿਚ ਸੁਖਬੀਰ ਦਾ ਵੱਡਾ ਯੋਗਦਾਨ ਰਿਹਾ। ਤੋਤਾ ਸਿੰਘ ਮੁਤਾਬਕ ਜਦੋਂ ਉਹ ਇਸ ਸਕੂਲ ਵਿੱਚ ਆਏ ਤਾਂ ਕੇਵਲ 916 ਵਿਦਿਆਰਥੀ ਸਿਖਿਆ ਹੀ ਲੈ ਰਹੇ ਸੀ ਜੋ ਅੱਜ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 3800 ਹੋ ਗਈ ਹੈ । ਪ੍ਰਿੰਸੀਪਲ ਤੋਤਾ ਸਿੰਘ ਨੇ ਦਸਿਆ ਕਿ ਜੇਕਰ ਸੁਖਬੀਰ ਦੀ ਥਾਂ ਕਿਸੇ ਪੇਂਟਰ ਤੋਂ ਮਲਟੀਪਰਪਜ਼ ਸਕੂਲ ਦੀਆਂ ਦੋਵੇਂ ਬਰਾਂਚਾਂ ਵਿਚ ਇਹ ਤਸਵੀਰਾਂ ਬਨਾਉਣ ਦਾ ਕੰਮ ਕਰਵਾਇਆ ਜਾਂਦਾ ਤਾਂ ਕਰੀਬਨ 8 ਲੱਖ ਰੁਪਏ ਖ਼ਰਚ ਆਉਣਾ ਸੀ ਜੋ ਕਿ ਸੁਖਬੀਰ ਦੇ ਇਸ ਉਪਰਾਲੇ ਨਾਲ ਸਕੂਲ ਨੂੰ ਚਾਰ ਚੰਨ ਤਾਂ ਲੱਗੇ ਹੀ ਨਾਲ ਹੀ ਸਰਕਾਰ ਦੇ 8 ਲੱਖ ਰੁਪਏ ਵੀ ਬੱਚ ਗਏ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਇਸ ਸਕੂਲ ਵਿਚ ਬਤੌਰ ਅਧਿਆਪਕ ਆਉਣ ਨਾਲ ਬੱਚਿਆਂ ਨੂੰ ਇਕ ਮਾਰਗ ਦਰਸ਼ਕ ਵੀ ਮਿਲਿਆ ਹੈ, ਜਿਸ ਦੇ ਨਾਲ ਬੱਚਿਆਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸਰਕਾਰੀ ਸਕੂਲ ਵਿਚ ਪੜ੍ਹ ਕੇ ਵੀ ਇਕ ਚੰਗਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਖਬੀਰ ਕਈ ਹੋਰ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਅਪਣੀ ਕਲਾ ਦੇ ਰੰਗ ਬਿਖੇਰ ਚੁੱਕੇ ਹਨ ਅਤੇ ਮੈਨੂੰ ਖ਼ੁਸ਼ੀ ਹੈ ਕਿ ਸੁਖਬੀਰ ਸਕੂਲ ਦੀਆਂ ਕੰਧਾਂ ’ਤੇ ਅਪਣੀ ਕਲਾ ਦਾ ਰੰਗ ਤਾਂ ਬਿਖੇਰ ਹੀ ਰਹੇ ਹਨ ਨਾਲ ਹੀ ਉਹ ਆਪਣਾ ਕੰਮ ਕਰਨ ਦੌਰਾਨ ਬੱਚਿਆ ਨੂੰ ਸਿਖਿਆ ਵੀ ਦੇ ਰਹੇ ਹਨ।
ਫੋਟੋ ਨੰ: 7 ਪੀਏਟੀ 1
ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਗੱਲਬਾਤ ਕਰਨ ਦੌਰਾਨ ਤੇ ਪਿੱਛੇ ਦਿਖਾਈ ਦੇ ਰਹੇ ਅਧਿਆਪਕ ਸੁਖਬੀਰ ਸਿੰਘ। ਫੋਟੋ : ਬਲਜਿੰਦਰ