
ਪੱਕੇ ਰੁਜ਼ਗਾਰ ਦੀ ਮੰਗ ਲਈ ਵਿੱਤ ਮੰਤਰੀ ਦਾ ਵਿਰੋਧ ਕਰਦੇ ਕੱਚੇ ਕਾਮਿਆਂ ਦੀ ਧੂਹ-ਘੜੀਸ
ਔਰਤਾਂ ਸਹਿਤ ਕੱਚੇ ਕਾਮਿਆਂ ਨੂੰ ਧੱਕੇ ਨਾਲ ਗੱਡੀਆਂ 'ਚ ਸੁਟਿਆ, ਕਾਮਿਆਂ ਦਾ ਥਰਮਲ ਥਾਣੇ ਅੱਗੇ ਧਰਨਾ
ਬਠਿੰਡਾ, 7 ਅਗੱਸਤ (ਸੁਖਜਿੰਦਰ ਮਾਨ) : ਲੰਬੇ ਸਮੇਂ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਕੱਚੇ ਕਾਮਿਆਂ ਵਲੋਂ ਅੱਜ ਸਥਾਨਕ ਬਰਨਾਲਾ ਬਾਈਪਾਸ 'ਤੇ ਓਵਰਬਿ੍ਜ ਦਾ ਨੀਂਹ ਪੱਥਰ ਰੱਖਣ ਆਏ ਵਿਤ ਮੰਤਰੀ ਦੇ ਵਿਰੋਧ 'ਚ ਧਰਨਾ ਲਗਾਇਆ ਗਿਆ | ਮੰਤਰੀ ਦੀ ਆਮਦ ਤੋਂ ਐਨ ਪਹਿਲਾਂ ਸਮਾਗਮ ਵਾਲੀ ਥਾਂ ਪੁੱਜੇ ਇੰਨ੍ਹਾਂ ਠੇਕਾ ਕਾਮਿਆਂ ਨੂੰ ਪੁਲਿਸ ਨੇ ਮਨਪ੍ਰੀਤ ਦੇ ਆਉਣ ਤੋਂ ਪਹਿਲਾਂ ਜਬਰੀ ਚੁੱਕ ਕੇ ਗੱਡੀਆਂ ਵਿਚ ਸੁੱਟ ਦਿੱਤਾ | ਜਿਸਤੋਂ ਬਾਅਦ ਇੰਨ੍ਹਾਂ ਨੂੰ ਵੱਖ ਵੱਖ ਥਾਣਿਆਂ ਵਿਚ ਲਿਜਾਇਆ ਗਿਆ | ਇਸ ਮੌਕੇ ਪੁਲਿਸ ਨੇ ਮਹਿਲਾ ਕਰਮਚਾਰੀਆਂ ਤੇ ਇੱਥੋਂ ਤੱਕ ਕੱਚੇ ਕਾਮਿਆਂ ਨਾਲ ਪੁੱਜੇ ਪ੍ਰਵਾਰਕ ਮੈਂਬਰਾਂ ਨੂੰ ਵੀ ਬਖਸਿਆਂ ਨਹੀਂ ਗਿਆ | ਧੂਹ-ਘੜੀਸ ਦੌਰਾਨ ਕਈ ਕਾਮਿਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ | ਬਾਅਦ ਵਿਚ ਨਾਰਾਜ਼ ਕੱਚੇ ਕਾਮਿਆਂ ਨੇ ਸਥਾਨਕ ਥਾਣਾ ਥਰਮਲ ਦੇ ਅੱਗੇ ਕੌਮੀ ਮਾਰਗ 'ਤੇ ਧਰਨਾ ਲਗਾਕੇ ਹਾਈਵੇ ਬੰਦ ਕਰ ਦਿੱਤਾ | ਪੁਲਿਸ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਵੱਖ ਵੱਖ ਥਾਂਣਿਆਂ 'ਚ ਲਿਜਾਏ ਕਾਮਿਆਂ ਨੂੰ ਮੁੜ ਉਕਤ ਧਰਨੇ ਵਿਚ ਛੱਡ ਦਿੱਤਾ, ਜਿਸਤੋਂ ਬਾਅਦ ਠੇਕਾ ਮੁਲਾਜਮਾਂ ਨੇ ਧਰਨਾ ਚੱੁਕ ਲਿਆ |
ਜਿਕਰਯੋਗ ਹੈ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਕੱਚੇ ਕਾਮਿਆਂ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਮੋਰਚੇ ਦੇ ਆਗੂਆਂ ਦੀ ਇਸ ਸਬੰਧ ਵਿਚ ਵਿਤ ਮੰਤਰੀ ਸਹਿਤ ਕਈ ਮੰਤਰੀਆਂ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪ੍ਰੰਤੂ ਮਾਮਲੇ ਹਾਲੇ ਤੱਕ ਨਿਬੜ ਨਹੀਂ ਸਕਿਆ ਹੈ | ਜਿਸਦੇ ਚੱਲਦੇ ਠੇਕਾ ਮੁਲਾਜਮ ਇਸਦੇ ਲਈ ਵਿਤ ਮੰਤਰੀ ਨੂੰ ਜਿੰਮੇਵਾਰ ਮੰਨਦਿਆਂ ਉਨ੍ਹਾਂ ਦੇ ਹਰ ਪ੍ਰੋਗਰਾਮ ਦੇ ਵਿਰੋਧ ਦਾ ਫੈਸਲਾ ਲਿਆ ਹੋਇਆ ਹੈ | ਇਸੇ ਫ਼ੈਸਲੇ ਤਹਿਤ ਅੱਜ ਵੀ ਸੈਂਕੜਿਆਂ ਦੀ ਗਿਣਤੀ 'ਚ ਠੇਕਾ ਮੁਲਾਜ਼ਮ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇਅ 'ਤੇ ਪੁੱਜ ਕੇ ਵਿੱਤ ਮੰਤਰੀ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਜਦ ਪੁਲਿਸ ਮੁਲਾਜਮਾਂ ਨੇ ਉਨ੍ਹਾਂ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕ-ਦੂਜੇ ਨਾਲ ਚਿੰਬੜ ਕੇ ਸੜਕਾਂ ਉਪਰ ਲੇਟ ਗਏ | ਇਸ ਮੌਕੇ ਠੇਕਾ ਮੋਰਚੇ ਦੇ ਆਗੂਆਂ ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਜਗਸੀਰ ਸਿੰਘ ਆਦਿ ਨੇ ਐਲਾਨ ਕੀਤਾ ਕਿ ਉਹ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਦੇ ਪੂਰਾ ਹੋਣ ਤੱਕ ਅਪਣਾ ਸੰਘਰਸ਼ ਜਾਰੀ ਰੱਖਣਗੇ |
ਇਸ ਖ਼ਬਰ ਨਾਲ ਸਬੰਧਤ ਫੋਟੋ 07 ਬੀਟੀਆਈ 06 ਵਿਚ ਹੈ |
ਫ਼ੋਟੋ: ਇਕਬਾਲ ਸਿੰਘ