
ਅੱਜ ਸਿੱਖ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ -ਐਕਟਿੰਗ ਜਥੇਦਾਰ ਅਕਾਲ ਤਖ਼ਤ
ਪਰ ਇਹ ਬੁਰਾਈ ਸ਼ੁਰੂ ਤਾਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਹੀ ਕੀਤੀ ਗਈ ਸੀ
ਲੋਕ ਰਾਜ ਵਿਚ ਚਾਰ ਹੀ ਵੱਡੀਆਂ ਸੰਸਥਾਵਾਂ ਮੰਨੀਆਂ ਗਈਆਂ ਹਨ : ਐਗਜ਼ੈਕਟਿਵ, ਪਾਰਲੀਮੈਂਟ, ਜੁਡੀਸ਼ਰੀ ਤੇ ਪ੍ਰੈੱਸ। ਸਿੱਖ ਪ੍ਰੈੱਸ (ਰੋਜ਼ਾਨਾ ਸਪੋਕਸਮੈਨ) ਨੂੰ ਮਾਰਨ ਲਈ ਜੋ ਕੁੱਝ ਧਾਰਮਕ ਸੰਸਥਾਵਾਂ ਨੇ ਕੀਤਾ, ਦੁਨੀਆਂ ਵਿਚ ਹੋਰ ਕਿਸੇ ਧਾਰਮਕ ਸੰਸਥਾ ਨੇ ਨਹੀਂ ਕੀਤਾ
ਚੰਡੀਗੜ੍ਹ, 7 ਅਗੱਸਤ : ਅੱਜ ਅਕਾਲ ਤਖ਼ਤ ਦੇ ਐਕਟਿੰਗ ‘ਜਥੇਦਾਰ’ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਪਾਰਟੀ ਨੂੰ ਸਿੱਖਾਂ ਅਤੇ ਸਿੱਖੀ ਤੋਂ ਦੂਰ ਚਲੇ ਜਾਣ ਕਾਰਨ ਮੁਸ਼ਕਲ ਵਿਚ ਫਸੇ ਹੋਣ ਕਾਰਨ ਇਕ ‘ਸਿਆਸੀ’ ਕਿਸਮ ਦਾ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਹੀ ਕਮਜ਼ੋਰ ਕਰ ਰਹੇ ਹਨ ਹਾਲਾਂਕਿ ਜਥੇਦਾਰ ਸਮੇਤ ਹਰ ਕੋਈ ਜਾਣਦਾ ਹੈ ਕਿ ਸਿੱਖ ‘ਸੰਸਥਾਵਾਂ’ ਨੂੰ ਕਮਜ਼ੋਰ ਇਨ੍ਹਾਂ ਉਤੇ ਕਾਬਜ਼ ਸਿਆਸੀ ਲੀਡਰਾਂ ਨੇ ਕਮਜ਼ੋਰ ਕੀਤਾ ਹੈ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ‘ਲਿਫ਼ਾਫ਼ਾ ਪ੍ਰਧਾਨਾਂ’ ਨੇ ਸਿਆਸੀ ਮਾਲਕਾਂ ਦੀ ਹਰ ਗ਼ਲਤ ਗੱਲ ਦੀ ਪ੍ਰੋੜ੍ਹਤਾ ਕਰ ਕੇ ਇਨ੍ਹਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ। ਅਕਾਲੀ ਦਲ ਸਿੱਖਾਂ ਅਤੇ ਸਿੱਖੀ ਤੋਂ ਬਾਦਲ ਰਾਜ ਵਿਚ ਹੌਲੀ ਹੌਲੀ ਦੂਰ ਹੁੰਦੇ ਵੇਖ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਾਲੇ ਚੁੱਪੀ ਧਾਰੀ ਹੀ ਨਾ ਬੈਠੇ ਰਹੇ ਸਗੋਂ ਡੱਟ ਕੇ ਇਨ੍ਹਾਂ ਦੀ ਪ੍ਰੋੜ੍ਹਤਾ ਵੀ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੋ ਜਾਣ ਅਤੇ ‘ਸਿੱਖ ਇਤਿਹਾਸ’ ਹਿੰਦੀ ਪੁਸਤਕ ਛਾਪਣ ਤੇ ਵੀ ਜਥੇਦਾਰ ਸ਼੍ਰੋਮਣੀ ਕਮੇਟੀ ਨੂੰ ਇਕ ਝਿੜਕ ਵੀ ਨਾ ਮਾਰ ਸਕੇ। ਹਰ ਗ਼ਲਤ ਮਾਮਲੇ ਵਿਚ ਤਿੰਨੇ ਇਕ ਦੂਜੇ ਦਾ ਬਚਾਅ ਹੀ ਕਰਦੇ ਰਹੇ ਤੇ ਧਰਮ ਦਾ ਨਾਸ ਕਰਦੇ ਰਹੇ। ਇਹ ਸੀ ਮੁੱਖ ਕਾਰਨ ਇਨ੍ਹਾਂ ਧਾਰਮਕ ਸੰਸਥਾਵਾਂ ਦੀ ਗਿਰਾਵਟ ਦਾ। ਜੇ ਹੋਰ ਕਾਰਨਾਂ ਦੀ ਗਿਣਤੀ ਕਰੀਏ ਤਾਂ ਸਵੇਰ ਤੋਂ ਸ਼ਾਮ ਪੈ ਜਾਵੇਗੀ।
ਇਕ ਹੀ ਮਾਮਲੇ ਦਾ ਜ਼ਿਕਰ ਕਰਨਾ ਕਾਫ਼ੀ ਹੋਵੇਗਾ ਕਿ ਲੋਕ ਰਾਜ ਵਿਚ ਚਾਰ ਵੱਡੀਆਂ ਸੰਸਥਾਵਾਂ ਹੀ ਪ੍ਰਵਾਨ ਕੀਤੀਆਂ ਗਈਆਂ ਹਨ--ਪਾਰਲੀਮੈਂਟ, ਐਗਜ਼ੈਕਟਿਵ, ਜੁਡੀਸ਼ਰੀ ਅਤੇ ‘ਪ੍ਰੈਸ’। ਪ੍ਰੈਸ ਨੂੰ ਲੋਕ ਰਾਜ ਦਾ ਚੌਥਾ ਥੰਮ ਮੰਨਿਆ ਗਿਆ ਹੈ। ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੇ ਆਜ਼ਾਦ ਸਿੱਖ ਪ੍ਰੈੱਸ ਨੂੰ ਮਾਰਨ ਲਈ ਅਪਣੇ ਸਿਆਸੀ ਮਾਲਕਾਂ ਦੇ ਕਹਿਣ ਤੇ ਉਹ ਕੁੱਝ ਕੀਤਾ ਜੋ ਦੁਨੀਆਂ ਦੀ ਕਿਸੇ ਹੋਰ ਧਾਰਮਕ ਸੰਸਥਾ ਨੇ ਪ੍ਰੈੱਸ ਵਿਰੁਧ ਨਹੀਂ ਕੀਤਾ। ਰੋਜ਼ਾਨਾ ਸਪੋਕਸਮੈਨ ਦਾ ਪਹਿਲਾ ਪਰਚਾ ਪਹਿਲੀ ਦਸੰਬਰ, 2005 ਨੂੰ ਛੱਪ ਕੇ ਆਇਆ ਉਸ ਦਿਨ ਹੀ ਸ਼੍ਰੋਮਣੀ ਕਮੇਟੀ ਨੇ ਇਤਿਹਾਸ ਸਿਰਜ ਦਿਤਾ ਜਦ ਇਸ ਨੇ ਅਪਣਾ ਵਖਰਾ ਹੁਕਮਨਾਮਾ ਜਾਰੀ ਕਰ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ... ਆਦਿ ਆਦਿ। ਕੀ ਕਸੂਰ ਸੀ ਨਵੇਂ ਜਨਮੇ ਬੱਚੇ ਦਾ, ਜਨਮ ਦੇ ਪਹਿਲੇ ਦਿਨ ਹੀ?
ਸੋ ‘ਜਥੇਦਾਰ’ ਨੂੰ ਉਨ੍ਹਾਂ ਸੰਸਥਾਵਾਂ ਦੇ ਹੱਕ ਵਿਚ ਬਿਆਨ ਦੇੇਣ ਤੋਂ ਪਹਿਲਾਂ ਹਰਿਆਣੇ ਦੇ ਅਕਾਲੀ ਲੀਡਰ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜਥੇਦਾਰ ਧਿਆਨ ਵਿਚ ਰੱਖੇ ਕਿ ਗ਼ਲਤ ਲੋਕਾਂ ਦੇ ਹੱਕ ਵਿਚ ਬਿਆਨ ਦੇਂਦਾ ਦੇਂਦਾ ਅਪਣੇ ਆਪ ਨੂੰ ਹੀ ਬਦਨਾਮ ਨਾ ਕਰ ਲਵੇ। ਜੇ ਇਨ੍ਹਾਂ ਨੂੰ ਬਚਾਣਾ ਹੀ ਹੈ ਤਾਂ ਪਹਿਲਾਂ ਇਨ੍ਹਾਂ ਨੂੰ ਆਖੇ ਕਿ ਅਪਣੇ ਪਾਪਾਂ ਅਤੇ ਜ਼ਿਆਦਤੀਆਂ ਲਈ ਪ੍ਰਾਸਚਿਤ ਕਰ ਲੈਣ ਅਤੇ ਪ੍ਰਾਸਚਿਤ ਅਕਾਲ ਤਖ਼ਤ ਤੋਂ ਨਹੀਂ (ਜੋ ਇਨ੍ਹਾਂ ਦੇ ਕਬਜ਼ੇ ਹੇਠ ਹੈ) ਸਗੋਂ ਪੀੜਤਾਂ ਅਤੇ ਇਨ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੋਣ ਵਾਲਿਆਂ ਕੋਲ ਜਾ ਕੇ ਕਰਨ।