
ਸਾਲ ਕੁ ਹੁਣ ਔਖੇ-ਸੌਖੇ ਕੱਟ ਲਉ, ਬੱਸ ਫਿਰ ਆਪਾਂ ਸੱਤਾ ਵਿਚ ਆ ਕੇ ਨਕਸ਼ਾ ਬਦਲ ਦਿਆਂਗੇ : ਸੁਖਬੀਰ ਬਾਦਲ
ਸੁਖਬੀਰ ਨੇ ਬੱਲੂਆਣਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਲਿਆ ਜਾਇਜ਼ਾ
ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ): ਅਕਸਰ ਜਨਤਾ ਅਤੇ ਪੱਤਰਕਾਰਾਂ ਵਿਚ ਘਿਰੇ ਰਹਿਣ ਵਾਲੇ ਸਿਆਸੀ ਲੀਡਰ ਹੁਣ ਮਹਾਂਮਾਰੀ ਦੇ ਮੱਦੇਨਜ਼ਰ ਭੀੜਾਂ ਤੋਂ ਬਚਦੇ ਨਜ਼ਰ ਆਉਂਦੇ ਹਨ। ਅਜਿਹੀ ਹਾਲਾਤ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਜਾਇਜ਼ਾ ਲੈਣ ਪੁੱਜੇ ਤਾਂ ਉਨ੍ਹਾਂ ਅਪਣੀ ਕਾਰ ਵਿਚੋਂ ਹੀ ਖੜੇ ਹੋ ਕੇ ਲੋਕਾਂ ਦੇ ਦੁਖੜੇ ਸੁਣੇ ਅਤੇ ਅਕਾਲੀ ਸਰਕਾਰ ਬਣਨ 'ਤੇ ਹੀ ਸੁਧਾਰ ਹੋਣ ਦਾ ਕਹਿ ਕੇ ਚਲਦੇ ਬਣੇ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾਂ, ਬੱਲੂਆਣਾ, ਕੇਰਾਖੇੜਾ, ਬਹਾਵਲਵਾਸੀ, ਰਾਏਪੁਰਾ, ਦੁਤਾਰਾਂਵਾਲੀ, ਸਰਦਾਰਪੁਰਾ, ਬਹਾਦਰਖੇੜਾ, ਢਾਬਾ ਕੋਕਰੀਆਂ ਅਤੇ ਮਲੂਕਪੁਰ ਪਿੰਡਾਂ ਵਿਚ ਹੜ੍ਹ ਪ੍ਰਭਾਵਤ ਪਿੰਡ ਵਾਸੀਆਂ ਦਾ ਦੁਖੜਾ ਸੁਨਣ ਪੁੱਜੇ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਓ.ਐਸ.ਡੀ ਸਤਿੰਦਰਜੀਤ ਸਿੰਘ ਮੰਟਾ ਆਦਿ ਆਗੂ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸਾਲ ਸਵਾ ਸਾਲ ਹੋਰ ਔਖਾ ਸੋਖਾ ਕੱਟਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਬੱਸ ਹੁਣ ਅਕਾਲੀ ਸਰਕਾਰ ਆਉਣ 'ਤੇ ਇਨ੍ਹਾਂ ਪਿੰਡਾਂ ਦਾ ਨਕਸ਼ਾ ਹੀ ਬਦਲ ਦਿਆਂਗੇ। ਉਨ੍ਹਾਂ ਕਾਰ ਮੂਹਰੇ ਜੁੜੀ ਭੀੜ ਨੂੰ ਮੁਤਾਸਬ ਹੁੰਦੇ ਕਿਹਾ ਕਿ ਪਿੰਡ ਵਾਸੀਉਂ ਬੀਮਾਰੀ ਤੋਂ ਤਾਂ ਬਚੇ ਹੋਏ ਹੋ, ਹੁਣ ਤਾਂ ਪੰਜਾਬ ਸਰਕਾਰ ਹੀ ਨਿਕੰਮੀ ਹੈ ਪਰ ਮੈਂ ਅਪਣੇ ਵਲੋਂ ਦਵਾਈਆਂ ਅਤੇ ਹੋਰ ਲੋੜੀਂਦਾ ਸਾਮਾਨ ਜਲਦੀ ਹਲਕੇ ਵਿਚ ਭੇਜਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਉਕਤ ਪਿੰਡਾਂ ਦੇ ਕਿਸਾਨਾਂ ਦਾ ਬੈਂਕ ਕਰਜ਼ਾ ਮਾਫ਼ ਕਰਦੇ ਹੋਏ ਤੁਰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰਕਾਸ਼ ਸਿੰਘ ਭੱਟੀ, ਗੁਰਤੇਜ ਸਿੰਘ ਘੁੜਿਆਣਾ, ਸਤਿੰਦਰਜੀਤ ਸਿੰਘ ਮੰਟਾ, ਗੁਰਪਾਲ ਸਿੰਘ ਗਰੇਵਾਲ, ਹਰਚਰਨ ਸਿੰਘ ਪੱਪੂimage, ਗੁਰਿੰਦਰ ਸਿੰਘ ਲਾਊ ਜਾਖੜ, ਕੌਰ ਸਿੰਘ ਬਹਾਵਵਾਲਾ, ਹਰਪਾਲ ਸਿੰਘ ਸੰਧੂ, ਹਵਾ ਸਿੰਘ ਪੂਨੀਆ ਆਦਿ ਹਾਜ਼ਰ ਸਨ।