
ਰਾਜ ਦੀਆਂ ਸਰਕਾਰੀ ਭਾਸ਼ਾਵਾਂ ਵਿਚੋਂ ਪੰਜਾਬੀ ਨੂੰ ਬਾਹਰ ਕੱਢਣਾ ਘੱਟ ਗਿਣਤੀ ਪੰਜਾਬੀਆਂ ਵਿਰੁਧ ਧੱਕੇਸ਼ਾਹੀ: ਝੂੰਦਾਂ
ਅਮਰਗੜ੍ਹ, 7 ਸਤੰਬਰ (ਬਲਵਿੰਦਰ ਸਿੰਘ ਭੁੱਲਰ)-ਜੰਮੂ ਅਤੇ ਕਸ਼ਮੀਰ ਵਿੱਚ ਰਹਿਣ ਵਾਲੇ ਵੱਖ ਵੱਖ ਵਾਸੀਆਂ ਦੀ ਵੱਡੀ ਗਿਣਤੀ ਵਲੋਂ ਬੋਲੀਆਂ ਜਾਣ ਵਾਲੀਆਂ ਰਾਜ ਭਾਸ਼ਾਵਾਂ ਦੀ ਸੂਚੀ ਵਿੱਚੋਂ ਕੇਂਦਰ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨ ਨਾਲ ਜਿੱਥੇ ਪੰਜਾਬੀਆਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਉੱਥੇ ਦੁਨੀਆਂ ਵਿੱਚ ਵਸਦੇ ਕਰੋੜਾਂ ਪੰਜਾਬੀਆਂ ਅੰਦਰ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਸਰਕਾਰ ਵਿਰੁੱਧ ਵੀ ਭਾਰੀ ਰੋਸ ਪੈਦਾ ਹੋ ਗਿਆ ਹੈ। ਸਪੋਕਸਮੈਨ ਨਾਲ ਯੂ ਐਸ ਏ ਤੋਂ ਗੱਲਬਾਤ ਕਰਦਿਆਂ ਇਹ ਵਿਚਾਰ ਉੱਘੇ ਪੰਜਾਬੀ ਐਨ ਆਰ ਆਈ ਤੇ ਪ੍ਰਸਿੱਧ ਟਰਾਂਸਪੋਰਟਰ ਸੁੱਖੀ ਘੁੰਮਣ ਝੂੰਦਾਂ ਵਲੋਂ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਰਾਜ ਕਰਦੀਆਂ ਕਈ ਸਰਕਾਰਾਂ ਪੰਜਾਬ ਅਤੇ ਪੰਜਾਬੀਆਂ ਨਾਲ ਪੰਜਾਬੀ ਮਾਂ ਬੋਲੀ ਅਤੇ ਪਾਣੀਆਂ ਦੇ ਮਸਲੇ ਤੋਂ ਇਲਾਵਾ ਹੋਰ ਕਈ ਖੇਤਰਾਂ ਵਿੱਚ ਵੀ ਲਗਾਤਾਰ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਕਰਦੀਆਂ ਆ ਰਹੀਆਂ ਹਨ ਜਿਸ ਨੂੰ ਸਰਕਾਰ ਦਾ ਬਹੁਤਾ ਉਸਾਰੂ ਰੁਝਾਨ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਾਂਗ, ਜੰਮੂ ਅਤੇ ਕਸ਼ਮੀਰ ਵਿੱਚ ਰਹਿਣ ਵਾਲਾ ਲਗਭਗ ਹਰ ਬਾਸ਼ਿੰਦਾ ਪੰਜਾਬੀ ਬੋਲ ਵੀ ਲੈਂਦਾ ਹੈ ਤੇ ਪੰਜਾਬੀ ਸਮਝ ਵੀ ਲੈਂਦਾ ਹੈ ਸੋ, ਅਜਿਹੇ ਹਾਲਾਤਾਂ ਵਿੱਚ ਇਸ ਰਾਜ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣਾ ਘੱਟ ਗਿਣਤੀ ਪੰਜਾਬੀਆਂ ਤੇ ਸਿਆਸੀ ਧੱਕੇਸ਼ਾਹੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਇਸ ਦਾ ਬਣਦਾ ਰੁਤਬਾ ਅਤੇ ਮਾਣ ਸਤਿਕਾਰ ਵੀ ਤੁਰੰਤ ਵਾਪਸ ਮਿਲਣਾ ਚਾਹੀਦਾ ਹੈ।
ਫੋਟੋ ਨੰ.7 ਐਸ ਐਨ ਜੀ 1image