
ਜਾਖੜ ਨੇ ਬਾਸਮਤੀ ਨਿਰਯਾਤਕਾਂ ਅਤੇ ਚੌਲ ਸਨਅਤ ਨੂੰ ਦਿਤਾ ਭਰੋਸਾ
ਚੰਡੀਗੜ੍ਹ, 7 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਕੇ ਬਾਸਮਤੀ ਇੰਡਸਟਰੀ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਚੌਲ ਸਨਅਤ ਦੀਆਂ ਬੈਂਕ ਗਰੰਟੀ ਅਤੇ ਲੇਵੀ ਸਕਿਉਰਟੀ ਨਾਲ ਸਬੰਧਤ ਮੁਸ਼ਕਲਾਂ ਦਾ ਵੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਇਹ ਗੱਲ ਉਨ੍ਹਾਂ ਨੂੰ ਮਿਲਣ ਪੁੱਜੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਅਤੇ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਵਫ਼ਦ ਨੂੰ ਕਹੀ। ਇਸ ਮੌਕੋ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਅਤੇ ਫ਼ਾਜ਼ਿਲਕਾ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਨੇ ਕਿਹਾ ਕਿ ਪੰਜਾਬ ਦੇ ਬਾਸਮਤੀ ਨੂੰ ਨਿਰਯਾਤ ਕਰਨ ਵਿਚ ਉਨ੍ਹਾਂ ਦਾ ਲਾਗਤ ਖ਼ਰਚਾ ਜ਼ਿਆਦਾ ਬੈਠਦਾ ਹੈ ਜਿਸ ਕਾਰਨ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਬਾਸਮਤੀ ਰਾਇਸ ਸਨਅਤ ਬਾਸਮਤੀ ਦੇ ਨਿਰਯਾਤ ਵਿਚ ਪਿਛੜ ਜਾਵੇਗੀ। ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਚੌਲ ਸਨਅਤ ਦੀਆਂ ਲੇਵੀ ਸਕਿਉਰਟੀ, ਬੈਂਕ ਗਰੰਟੀ ਆਦਿ ਸਬੰਧੀ ਮੰਗਾਂ ਵੀ ਰੱਖੀਆਂ। ਇਸ 'ਤੇ ਜਾਖੜ ਨੇ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਪ੍ਰਭਾਵੀ ਤਰੀਕੇ ਨਾਲ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ।
ਜਾਖੜ ਨੇ ਕਿਹਾ ਕਿ ਬਾਸਮਤੀ ਦੇ ਟੈਕਸ ਦੀਆਂ ਦਰਾਂ ਸਾਰੇ ਸੂਬਿਆਂ ਵਿਚ ਇਕਸਮਾਨ ਹੋਣ ਤਾਂ ਹੀ ਪੰਜਾਬ ਦੀ ਸਨਅਤ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਨਅਤਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣਗੇ।