
ਧਰਨਾ ਦੇ ਰਹੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਸਿਮਰਨਜੀਤ ਸਿੰਘ ਬੈਂਸ ਸਣੇ ਦਰਜਨ ਦੇ ਕਰੀਬ ਆਗੂਆਂ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ, 7 ਸਤੰਬਰ (ਤੇਜਿੰਦਰ ਫ਼ਤਿਹਪੁਰ, ਜਸਪਾਲ ਸਿੰਘ ਢਿੱਲੋਂ): ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਅਪਣੇ ਸੈਂਕੜੇ ਆਗੂਆਂ ਸਮੇਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਜਾ ਰਹੇ ਧਰਨਾਕਾਰੀਆਂ 'ਤੇ ਪਟਿਆਲਾ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਜਿਸ ਵਿਚ ਪੁਲਿਸ ਵਲੋਂ ਪੁਰਸ਼ ਆਗੂਆਂ ਸਮੇਤ ਔਰਤ ਆਗੂਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਸ ਲਾਠੀਚਾਰਜ ਵਿਚ ਕਾਫ਼ੀ ਆਗੂਆਂ ਦੀਆਂ ਪੱਗਾਂ ਵੀ ਲੱਥੀਆਂ ਤੇ ਕਾਫ਼ੀ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਵੀ ਹੋਏ। ਬਾਅਦ ਵਿਚ ਬੈਂਸ ਭਰਾਵਾਂ ਸਮੇਤ 15 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਸਿਮਰਨਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜੇਕਰ ਸਾਧੂ ਸਿੰਘ ਧਰਮਸੋਤ ਬਰਖ਼ਾਸਤ ਨਾ ਕੀਤਾ ਤਾਂ ਉਹ ਦਲਿਤ ਮੰਤਰੀਆਂ, ਵਿਧਾਇਕਾਂ ਤੇ ਐਮ.ਪੀ ਦਾ ਘਿਰਾਉ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 11 ਵਜੇ ਤੋਂ ਹੀ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ਤੇ ਇਕੱਤਰ ਹੋਣੇ ਸ਼ੁਰੂ ਹੋ ਗਏ। ਪਟਿਆਲਾ ਅੰਦਰ ਦਾਖ਼ਲ ਹੋਣ ਲਈ ਮੁੱਖ ਸੜਕਾਂ ਤੇ ਪੁਲਿਸ ਨੇ ਭਾਰੀ ਤਾਇਨਾਤੀ ਕਰ ਕੇ ਨਾਕੇ ਲਗਾਏ ਹੋਏ ਸਨ ਫਿਰ ਵੀ ਵੱਡੀ ਗਿਣਤੀ ਵਿਚ ਕਾਰਕੁਨ ਪਟਿਆਲਾ ਅੰਦਰ ਦਾਖ਼ਲ ਹੋ ਗਏ। ਇਥੇ ਤਕਰੀਰਾਂ ਹੋਣ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਲਛਮਣ ਸਿੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਨਿਊ ਮੋਤੀ ਮਹਿਲ ਵਲ ਮਾਰਚ ਕਰਨਾ ਸ਼ੁਰੂ ਕੀਤਾ। ਮਾਰਚ ਕਰਦੇ ਹੋਏ ਉਹ ਜਦੋਂ ਹੀ ਵਾਈ.ਪੀ.ਐਸ ਚੌਕ ਕੋਲ ਪੁੱਜੇ ਤਾਂ ਇਥੇ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਸੀ। ਇਸ ਵੇਲੇ ਆਗੂਆਂ ਵਲੋਂ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਜਾ ਰਹੀ ਸੀ ਤੇ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਕੇ ਉਸ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਬੈਂਸ ਭਰਾ ਅਪਣੇ ਸਾਥੀਆਂ ਸਮੇਤ ਵਾਈਪੀਐਸ ਚੌਂਕ ਪੁੱਜੇ ਤਾਂ ਪੁਲਿਸ ਨੂੰ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਹ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਬਾਜਿਦ ਸਨ। ਇਸ ਕਰ ਕੇ ਉਹ ਮੋਤੀ ਮਹਿਲ ਵਲ ਜਾਣ ਲਈ ਧੱਕਾ ਕਰ ਰਹੇ ਸਨ, ਇਸ ਦੌਰਾਨ ਸਥਿਤੀ ਕਾਫ਼ੀ ਗੰਭੀਰ ਹੋ ਗਈ ਤਾਂ ਪੁਲਿਸ ਨੇ ਆਗੂਆਂ ਅਤੇ ਕਾਰਕੁਨਾਂ ਤੇ ਅੰਨ੍ਹੇਵਾਹ ਲਾਠੀਆਂ ਵਰ੍ਹਾ ਦਿਤੀਆਂ। ਇਸ ਵੇਲੇ ਸਿਮਰਨਜੀਤ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਾਫ਼ੀ ਜਣੇ ਜ਼ਖ਼ਮੀ ਹੋ ਗਏ। ਸੀਆਈਡੀ ਵਲੋਂ ਦਿਤੀ ਜਾਣਕਾਰੀ ਅਨੁਸਾਰ ਇਸ ਵੇਲੇ ਬੈਂਸ ਭਰਾਵਾਂ ਸਮੇਤ 15 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਵੇਲੇ ਸਿਮਰਨਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜਦੋਂ ਤਕ ਰਾਣਾ ਗੁਰਜੀਤ ਦੀ ਤਰ੍ਹਾਂ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਵਾ ਕੇ ਉਸ ਵਿਰੁਧ ਕੇਸ ਦਰਜ ਨਹੀਂ ਕਰਵਾ ਦਿੰਦੇ ਉਹ ਚੁੱਪ ਕਰ ਕੇ ਨਹੀਂ ਬੈਠਣਗੇ। ਪੁਲਿਸ ਦੀਆਂ ਡਾਂਗਾਂ ਨਾਲ ਅਪਣੀਆਂ ਲੱਤਾਂ ਤੇ ਪਏ ਨੀਲ ਦਿਖਾਉਂਦੇ ਹੋਏ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਇਕ ਐਮ.ਐਲ.ਏ ਤੇ ਇਸ ਤਰ੍ਹਾਂ ਪੰਜਾਬ ਪੁਲਿਸ ਵਲੋਂ ਡਾਂਗਾਂ ਚਲਾਈਆਂ ਜਿਵੇਂ ਅਸੀਂ ਅਪਰਾਧੀ ਹੁੰimageਦੇ ਹਾਂ। ਉਸ ਨੇ ਲਲਕਾਰ ਕੇ ਪੁਲਿਸ ਅਧਿਕਾਰੀ ਨੂੰ ਕਿਹਾ 'ਆਜਾ ਚੀਮੇ ਮੈਂ ਤੈਨੂੰ ਦਿਖਾਵਾਂ ਤੇਰੀਆਂ ਡਾਂਗਾਂ ਦੀ ਕਰਤੂਤ।' ਉਸ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਹੈ ਜੋ ਇਨਸਾਫ਼ ਮੰਗਦੇ ਲੋਕਾਂ ਤੇ ਡਾਂਗਾਂ ਚਲਾਉਂਦੀ ਹੈ। ਉਸ ਨੇ ਕਿਹਾ ਕਿ ਇਸ ਦਾ ਬਦਲਾ ਪੰਜਾਬ ਦੇ ਲੋਕ ਲੈਣਗੇ।