
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਜ ਸੇਵੀ ਕੰਮਾਂ ਅਤੇ ਸਿੱਖ ਕੌਮ ਵੱਲ ਆਪਣੇ ਬਣਦੇ ਫ਼ਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ: ਲੌਂਗੋਵਾਲ
ਸੰਗਰੂਰ, 7 ਸਤੰਬਰ (ਬਲਵਿੰਦਰ ਸਿੰਘ ਭੁੱਲਰ)-ਸੂਬੇ ਦੀਆਂ ਕੁਝ ਸਿੱਖ ਵਿਰੋਧੀ ਤਾਕਤਾਂ ਜਾਣ ਬੁੱਝ ਕੇ ਅਤੇ ਗਿਣੇ ਮਿੱਥੇ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ ਜੋ ਕਿ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਰੁਝਾਨ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਜਦੋਂ ਜਦੋਂ ਵੀ ਸਿੱਖ ਪੰਥ ਤੇ ਕੋਈ ਭੀੜੀ੍ਹ ਪੈਂਦੀ ਹੈ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਅਤੇ ਦਾਨੀਆਂ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਰੋਟੀ ਅਤੇ ਹੋਰ ਲੰਗਰ ਪਾਣੀ ਦਾ ਪ੍ਰਬੰਧ ਕਰਨੋ ਕਦੇ ਪਿੱਛੇ ਨਹੀਂ ਹਟਦੀ ਤਾਂ ਕਿ ਸਿੱਖਾਂ ਦੀ ਇਸ ਵਿਸ਼ਾਲ ਸੰਸਥਾ ਦੇ ਹੁੰਦਿਆਂ ਕੋਈ ਵੀ ਪ੍ਰਾਣੀ ਭੁੱਖਾ ਜਾਂ ਪਿਆਸਾ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਇਹੀ ਸੰਸਥਾ ਆਮਦਨ ਦੇ ਬਹੁਤ ਸੀਮਤ ਸਾਧਨਾਂ ਨਾਲ ਪੰਜਾਬ ਦੇ ਅੰਦਰ ਅਤੇ ਪੰਜਾਬ ਤੋਂ ਬਾਹਰ ਅਣਗਿਣਤ ਵਿਦਿਅਕ ਅਦਾਰੇ ਜਿਨ੍ਹਾਂ ਵਿੱਚ ਸਕੂਲ, ਕਾਲਜ ਅਤੇ ਇੰਜੀਨੀਅਰਿੰਗ ਕਾਲਜਾਂ ਸਮੇਤ ਮੈਡੀਕਲ ਕਾਲਜ ਅਤੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਆਦਿਕ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿੱਦਿਅਕ ਅਦਾਰੇ ਸ਼ਾਮਲ ਹਨ ਵੀ ਚਲਾਉਂਦੀ ਆ ਰਹੀ ਹੈ ਪਰ ਇਸ ਮਾਮਲੇ ਵਿੱਚ ਵੀ ਸਿੱਖ ਵਿਰੋਧੀਆਂ ਨੇ ਐਸ ਜੀ ਪੀ ਸੀ ਨੂੰ ਇਸ ਦੇ ਹਿੱਸੇ ਦਾ ਬਣਦਾ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਪਰ ਕੁਝ ਇੱਕ ਮਾਮੂਲੀ ਮਾਮਲਿਆਂ ਨੂੰ ਰਾਜਸੀ ਰੰਗਤ ਦੇ ਕੇ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਲਗਭਗ ਸਾਰੇ ਗੁਰਦੁਆਰਿਆਂ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਲਗਾਤਾਰ ਲੰਗਰ ਭੇਜਿਆ ਜਾਂਦਾ ਰਿਹਾ ਹੈ ਅਤੇ ਕਮੇਟੀ ਨੇ ਸਮਾਜ ਸੇਵੀ ਕੰਮਾਂ ਅਤੇ ਸਿੱਖ ਕੌਮ ਵਲ ਆਪਣੇ ਬਣਦੇ ਫਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ।
ਫੋਟੋ ਨੰ. 7 ਐਸ ਐਨ ਜੀ 3