
ਰੰਧਾਵਾ ਵੱਲੋਂ ਜਲੰਧਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਰਵੇਖਣ ਕਰਨ ਦੇ ਨਿਰਦੇਸ਼
ਚੰਡੀਗੜ੍ਹ: ਸੂਬੇ ਦੇ ਕੁਝ ਹਿੱਸਿਆਂ ਵਿੱਚ ਗੰਨੇ ਦੀ ਫਸਲ ਉਤੇ ਰੱਤਾ ਰੋਗ ਦੇ ਹਮਲੇ ਦਾ ਟਾਕਰਾ ਕਰਨ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਜਲੰਧਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨੁਕਸਾਨ ਦਾ ਅਨੁਮਾਨ ਲਾਇਆ ਜਾ ਸਕੇ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਮੇਂ ਸਿਰ ਬਚਾਅ ਕਾਰਜ ਸੁਝਾਏ ਜਾ ਸਕਣ।
Sukhjinder Singh Randhawa
ਰੰਧਾਵਾ ਨੇ ਸਹਿਕਾਰਤਾ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਕ ਵਿਆਪਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ, ਦੇ ਧਿਆਨ ਹਿੱਤ ਮਾਮਲਾ ਲਿਆਂਦਾ ਜਾਵੇ ਤਾਂ ਜੋ ਸਬੰਧਤ ਵਿਭਾਗਾਂ ਖੇਤੀਬਾੜੀ, ਬਾਗਬਾਨੀ, ਕੇਨ ਕਮਿਸ਼ਨਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਰਿਜਨਲ ਸੈਂਟਰ, ਕਰਨਾਲ ਨਾਲ ਨੇੜਿਓਂ ਤਾਲਮਲੇ ਕਰਕੇ ਇਸ ਉਤੇ ਕਾਰਗਾਰ ਯੋਜਨਾ ਉਲੀਕੀ ਜਾ ਸਕੇ।
Sukhjinder Singh Randhawa
ਗੰਨੇ ਦੀ ਕਿਸਮ ਵਿੱਚ ਰੱਤਾ ਰੋਗ ਦੇ ਹਮਲੇ ਕਾਰਨ ਪੈਦਾ ਹੋਈ ਤਾਜ਼ਾ ਸਥਿਤੀ ਦੀ ਸਮੀਖਿਆ ਕਰਨ ਲਈ ਅੱਜ ਸੱਦੀ ਗਈ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੰਨਾ ਕਮਿਸ਼ਨਰ ਤੋਂ ਇਲਾਵਾ ਖੇਤੀਬਾੜੀ ਤੇ ਬਾਗਬਾਨੀ ਵਿਭਾਗਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਸ ਬਿਮਾਰੀ ਨਾਲ ਨਿਪਟਣ ਲਈ ਪਹਿਲ ਦੇ ਆਧਾਰ ਉਤੇ ਢੰਗ-ਤਰੀਕੇ ਲੱਭੇ ਜਾ ਸਕਣ ਜਿਸ ਨਾਲ ਇਸ ਨਾਜ਼ੁਕ ਸਮੇਂ ਉਤੇ ਫਸਲ ਨੂੰ ਬਚਾਇਆ ਜਾ ਸਕੇ ਜਦੋਂ ਨਵੰਬਰ ਮਹੀਨੇ ਤੋਂ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਆਉਂਦੇ ਸਾਲਾਂ ਵਿਚ ਵੀ ਇਸ ਬਿਮਾਰੀ ਨੂੰ ਫੈਲਣ ਨਾ ਦਿੱਤਾ ਜਾਵੇ। ਸ. ਰੰਧਾਵਾ ਨੇ ਉਨ੍ਹਾਂ ਕਾਰਨਾਂ ਦਾ ਪਤਾ ਲਾਉਣ ਲਈ ਖੋਜ ਤੇਜ਼ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਜਿਨ੍ਹਾਂ ਕਾਰਨਾਂ ਕਰਕੇ ਗੰਨੇ ਦੀ ਸੀਓ-0238 ਕਿਸਮ ਉਤੇ ਰੋਗ ਦਾ ਅਚਾਨਕ ਹਮਲਾ ਹੋਇਆ।
Sukhjinder Singh Randhawa
ਸਹਿਕਾਰਤਾ ਮੰਤਰੀ ਨੇ ਗੰਨਾ ਉਤਪਾਦਕਾਂ ਨੂੰ ਇਸ ਬਿਮਾਰੀ ਨੂੰ ਲੈ ਕੇ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਬੰਧਤ ਅਥਾਰਟੀਆਂ ਨੂੰ ਵੱਧ ਪ੍ਰਭਾਵਿਤ ਇਲਾਕਿਆਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ ਤਾਂ ਕਿ ਇਸ ਬਿਮਾਰੀ ਨਾਲ ਕਾਰਗਰ ਢੰਗ ਨਾਲ ਨਜਿੱਠਣ ਦੇ ਨਾਲ-ਨਾਲ ਪਸਾਰ ਸੇਵਾਵਾਂ ਰਾਹੀਂ ਇਸ ਰੋਗ ਦੇ ਲੱਛਣਾਂ ਅਤੇ ਨਿਪਟਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
Sukhjinder Singh Randhawa
ਮੀਟਿੰਗ ਦੌਰਾਨ ਵੀਡਿਓ ਕਾਨਫਰੰਸਿਗ ਰਾਹੀਂ ਜੁੜੇ ਸ਼ੂਗਰਕੇਨ ਬਰੀਡਿੰਗ ਇੰਨਸਟੀਚਿਊਟ, ਰਿਜਨਲ ਸੈਂਟਰ, ਕਰਨਾਲ ਦੇ ਡਾਇਰੈਕਟਰ ਡਾ.ਐਸ.ਕੇ.ਪਾਂਡੇ ਨੇ ਦੱਸਿਆ ਕਿ ਸੇਮ ਦੀ ਸਮੱਸਿਆ ਕਰਕੇ ਬੀਤੇ ਸਮੇਂ ਵਿਚ ਇਹ ਬਿਮਾਰੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਗੰਨੇ ਦੀ ਫਸਲ ਉਤੇ ਅਸਰ ਪਾ ਚੁੱਕੀ ਹੈ। ਹਾਲਾਂ ਕਿ, ਇਸ ਬਾਰੇ ਕੀਤੀ ਡੂੰਘੀ ਖੋਜ ਤੋਂ ਖੁਲਾਸਾ ਹੋਇਆ ਹੈ ਕਿ ਗੰਨੇ ਦੀ ਸੀਓ-0238 ਕਿਸਮ ਹੀ ਪ੍ਰਮੁੱਖ ਤੌਰ ਉਤੇ ਇਸ ਰੋਗਾ ਦਾ ਸ਼ਿਕਾਰ ਹੋਈ ਹੈ ਅਤੇ ਇਨ੍ਹਾਂ ਸੂਬਿਆਂ ਦੇ ਕਿਸਾਨਾਂ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ, ਨੂੰ ਭਵਿੱਖ ਵਿਚ ਇਸ ਕਿਸਮ ਨੂੰ ਪੈਦਾ ਨਾ ਕਰਨ ਲਈ ਦੱਸ ਦਿੱਤਾ ਗਿਆ ਹੈ।
Sukhjinder Singh Randhawa
ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਉੱਚ ਮਿਆਰੀ ਬੀਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਠੋਸ ਉਪਰਾਲੇ ਕਰ ਰਿਹਾ ਹੈ ਤਾਂ ਕਿ ਇਸ ਰਿਕਵਰੀ ਵੱਧ ਹੋ ਸਕੇ। ਇਸ ਲਈ ਅੱਸੂ-ਕੱਤਕ ਦੀ ਬਿਜਾਈ ਲਈ ਗੰਨਾ ਉਤਪਾਦਕਾਂ ਨੂੰ ਵੱਧ ਝਾੜ ਵਾਲੇ ਰੋਗ ਮੁਕਤ ਉਚ ਮਿਆਰੀ 20 ਲੱਖ ਬੂਟੇ ਵੰਡਣ ਲਈ ਤਿਆਰ ਹਨ।
Sukhjinder Singh Randhawa
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜ ਕੇਂਦਰ, ਕਪੂਰਥਲਾ ਦੇ ਪ੍ਰਿੰਸੀਪਲ ਸ਼ੂਗਰਕੇਨ ਬਰੀਡਰ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਵਿਸਥਾਰ ਵਿੱਚ ਪੇਸ਼ਕਾਰੀ ਦਿਖਾਉਦਿਆਂ ਸੀ.ਓ.-238 ਗੰਨੇ ਦੀ ਕਿਸਮ ਵਿੱਚ ਰੱਤਾ ਰੋਗ ਦੇ ਮੁੱਖ ਕਾਰਨਾਂ, ਇਸ ਦੇ ਫੈਲਾਅ ਅਤੇ ਬਚਾਅ ਦੇ ਤਰੀਕੇ ਵੀ ਦੱਸੇ। ਪਿਛਲੇ ਹਫ਼ਤੇ ਮੁਕੇਰੀਆ ਤੇ ਕੀੜੀ ਅਫ਼ਗ਼ਾਨਾਂ ਖੰਡ ਮਿੱਲ ਖੇਤਰ ਦੇ ਇਲਾਕੇ ਵਿੱਚ ਗੰਨੇ ਦੀ ਸੀ.ਓ.-0238 ਕਿਸਮ ਉਤੇ ਰੱਤਾ ਰੋਗ ਦੇ ਹਮਲੇ ਤੋ ਬਾਅਦ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਰਿਜਨਲ ਸੈਂਟਰ ਕਰਨਾਲ ਦੇ ਵਿਗਿਆਨੀਆਂ ਤੋਂ ਫਸਲ ਦੇ ਸਰਵੇਖਣ ਕਰਨ ਲਈ ਆਖਿਆ ਗਿਆ ਜਿਸ ਤੋਂ ਬਾਅਦ ਹੀ ਅੱਜ ਦੀ ਇਹ ਮੀਟਿੰਗ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਮੀਟਿੰਗ ਵਿੱਚ ਸਹਾਇਕ ਗੰਨਾ ਕਮਿਸ਼ਨਰ ਸ੍ਰੀ ਵੀ.ਕੇ.ਮਹਿਤਾ, ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ ਅਮਰਜੀਤ, ਸ਼ੂਗਰਫੈਡ ਦੇ ਜਨਰਲ ਮੈਨੇਜਰ ਸ੍ਰੀ ਕੰਵਲਜੀਤ ਸਿੰਘ ਅਤੇ ਸੂਬੇ ਦੀਆਂ ਸਾਰੀਆਂ 9 ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰ ਵੀ ਹਾਜ਼ਰ ਸਨ।
Sukhjinder Singh Randhawa