
ਪੰਜਾਬ ਸਰਕਾਰ ਵਲੋਂ 4702 ਕਰਜ਼ਦਾਰਾਂ ਨੂੰ 20.98 ਕਰੋੜ ਰੁਪਏ ਦੇ ਕਰਜ਼ੇ ਤੋਂ ਰਾਹਤ
ਨੌਜਵਾਨਾਂ ਵਲੋਂ ਸਵੈ-ਰੁਜ਼ਗਾਰ ਲਈ ਲਏ ਕਰਜ਼ਿਆਂ 'ਚੋਂ 50-50 ਹਜ਼ਾਰ ਦੀ ਰਾਸ਼ੀ ਮੁਆਫ਼ ਕੀਤੀ
ਚੰਡੀਗੜ੍ਹ, 7 ਸਤੰਬਰ (ਅਰਵਿੰਦਰ ਸਿੰਘ ਟੀਟੂ) : ਪੰਜਾਬ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਅਤੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਦੇ 4702 ਕਰਜ਼ਦਾਰਾਂ ਦਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿਤੀ ਹੈ | ਇਹ ਪ੍ਰਗਟਾਵਾ ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ | ਧਰਮਸੋਤ ਨੇ ਕਿਹਾ ਕਿ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਵਲੋਂ ਸੂਬੇ ਦੇ ਪਛੜੀਆਂ ਸ੍ਰੇਣੀਆਂ ਅਤੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਨੂੰ 31 ਮਾਰਚ, 2021 ਤਕ ਵੰਡੇ ਕਰਜ਼ਿਆਂ 'ਚੋਂ 50-50 ਹਜ਼ਾਰ ਰੁਪਏ ਤਕ ਦੀ ਕਰਜ਼ਾ ਰਾਹਤ ਦਿਤੀ ਜਾ ਰਹੀ ਹੈ, ਤਾਂ ਜੋ ਨਿਗਮ ਦੇ ਆਰਥਕ ਤੌਰ 'ਤੇ ਕਮਜ਼ੋਰ ਵਰਗ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਕਰਜ਼ਦਾਰਾਂ ਨੂੰ ਕਰਜ਼ਾ ਰਾਹਤ ਦਿਤੀ ਜਾ ਸਕੇ | ਸਮਾਜਕ ਨਿਆਂ ਮੰਤਰੀ ਨੇ ਕਿਹਾ ਕਿ ਪੰਜਾਬ
ਸਰਕਾਰ ਵਲੋਂ ਸਾਲ 1976 ਵਿਚ ਬੈਕਫਿੰਕੋ ਦੀ ਸਥਾਪਨਾ, ਸੂਬੇ ਦੀਆਂ ਪਛੜੀਆਂ ਸ੍ਰੇਣੀਆਂ ਅਤੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਦਾ ਆਰਥਕ ਮਿਆਰ ਉੱਚਾ ਚੁਕਣ ਦੇ ਮਨੋਰਥ ਨਾਲ ਕੀਤੀ ਗਈ ਸੀ | ਇਸੇ ਮੰਤਵ ਲਈ ਬੈਕਫਿੰਕੋ ਵਲੋਂ ਸਿੱਖ, ਮੁਸਲਮਾਨ, ਕਿ੍ਸਚੀਅਨ, ਪਾਰਸੀ, ਬੋਧੀ ਅਤੇ ਜੈਨੀ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੇ ਸਵੈ-ਰੁਜ਼ਗਾਰ ਲਈ ਲਈ ਘੱਟ ਵਿਆਜ ਦਰਾਂ 'ਤੇ ਕਰਜ਼ੇ ਮੁਹਈਆ ਕਰਵਾਏ ਜਾਂਦੇ ਹਨ |