
ਵੱਖ-ਵੱਖ ਥਾਵਾਂ ’ਤੇ Media Persons Are Not Allowed ਦੇ ਲੱਗੇ ਬੋਰਡ
ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਮੀਡੀਆ ਦੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਹਸਪਤਾਲ 'ਚ ਵੱਖ-ਵੱਖ ਥਾਵਾਂ 'ਤੇ ਨੋਟਿਸ ਲਗਾਏ ਗਏ ਹਨ। ਹਾਲਾਂਕਿ, ਇਹ ਫ਼ਰਮਾਨ ਕਿਉਂ ਜਾਰੀ ਕੀਤਾ ਗਿਆ ਸੀ? ਸਿਹਤ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ।
ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਹਸਪਤਾਲ ’ਚ ਅਜਿਹੇ ਨੋਟਿਸ ਲਗਾਏ ਗਏ ਹਨ। ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਹਸਪਤਾਲ ਦੇ ਕਈ ਪ੍ਰੋਗਰਾਮਾਂ ਵਿਚ ਮਦਦ ਕਰਦਾ ਹੈ। ਜੇਕਰ ਅਜਿਹਾ ਕੋਈ ਨੋਟਿਸ ਲਗਾਇਆ ਗਿਆ ਤਾਂ ਇਹ ਨੋਟਿਸ ਤੁਰੰਤ ਹਟਾ ਦਿੱਤੇ ਜਾਣਗੇ।
ਭਾਵੇ ਕਿ ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਨੂੰ ਰੋਕਣ ਲਈ ਨੰਬਰ ਜਾਰੀ ਕੀਤੇ ਗਏ ਹਨ। ਹਸਪਤਾਲਾਂ ’ਚ ਇਲਾਜ ਲਈ ਆਏ ਮਰੀਜ਼ਾਂ ਦੀਆਂ ਸੁਵਿਧਾਵਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਹੁਣ ਸਵਾਲ ਇਹ ਉੱਠ ਰਹੇ ਹਨ ਕਿ ਸਰਕਾਰੀ ਹਸਪਤਾਲ 'ਚ ਮੀਡੀਆ 'ਤੇ ਹੀ ਪਾਬੰਦੀ ਕਿਉਂ ਲਗਾ ਦਿੱਤੀ ਗਈ? ਅਜਿਹੇ 'ਚ ਉਥੇ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ? ਇਸ ਦਾ ਅੰਦਾਜ਼ਾ ਸਾਫ਼ ਹੋ ਸਕਦਾ ਹੈ।