
ਪੂਰੇ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿਖੇ ਇਕੱਠੇ ਹੋ ਕੇ ਟੋਨੀ ਨੂੰ ਵਿਦਾਇਗੀ ਦਿੱਤੀ
ਡੇਰਾਬੱਸੀ - ਡੇਰਾਬੱਸੀ ਦੇ ਪਿੰਡ ਭੁੱਖੜੀ ਦੇ 21 ਸਾਲਾ ਟੋਨੀ ਦੀ ਲੀਬੀਆ ਵਿਚ ਮੌਤ ਤੋਂ ਚਾਰ ਮਹੀਨੇ ਬਾਅਦ ਉਸ ਦੀ ਲਾਸ਼ ਹਵਾਈ ਜਹਾਜ਼ ਰਾਹੀਂ ਪਿੰਡ ਲਿਆਂਦੀ ਗਈ। ਇੱਥੋਂ ਦੇ ਡੇਰਾਬੱਸੀ ਸਿਵਲ ਹਸਪਤਾਲ ਵਿਚ ਟੋਨੀ ਦੀ ਚਾਰ ਮਹੀਨੇ ਪੁਰਾਣੀ ਲਾਸ਼ ਦਾ ਮੈਡੀਕਲ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਗਿਆ। ਹਾਲਾਂਕਿ ਇਸ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਲਈ ਹਨੇਰਾ ਹੋ ਗਿਆ ਸੀ
ਪਰ ਪੂਰੇ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿਖੇ ਇਕੱਠੇ ਹੋ ਕੇ ਟੋਨੀ ਨੂੰ ਵਿਦਾਇਗੀ ਦਿੱਤੀ। ਟੋਨੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ, ਜਿਸ ਦੀ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਪਰ ਪਰਿਵਾਰ ਨੂੰ ਉਸ ਦੀ ਮੌਤ ਦਾ ਪਤਾ ਦੋ ਮਹੀਨੇ ਬਾਅਦ ਹੀ ਲੱਗਿਆ ਸੀ। ਟੋਨੀ ਦੇ ਪਿਤਾ ਰਵਿੰਦਰ ਅਤੇ ਮਾਮਾ ਮੋਹਨ ਨੇ ਦੱਸਿਆ ਕਿ ਟੋਨੀ ਦੀ ਲਾਸ਼ ਮਿਲਣ ਵਿਚ ਦੇਰੀ ਹੋਈ ਕਿਉਂਕਿ ਉਸ ਨੂੰ ਏਅਰਲਿਫਟ ਕਰਨ ਅਤੇ ਕਰੀਬ ਚਾਰ ਮਹੀਨੇ ਤੱਕ ਲਾਸ਼ ਨੂੰ ਮੁਰਦਾਘਰ ਵਿੱਚ ਰੱਖਣ ਵਾਲੀ ਐਨਜੀਓ ਪਰਿਵਾਰ ਤੋਂ 7 ਲੱਖ ਰੁਪਏ ਦੀ ਮੰਗ ਕਰ ਰਹੀ ਸੀ।