
ਦੋਵਾਂ ਵੱਲੋਂ ਸਾਰੇ ਅਹੁਦੇ ਤਿਆਗ ਕੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦਾ ਫੈਸਲਾ
Punjab News : ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ 9 ਸਤੰਬਰ ,ਦਿਨ ਸੋਮਵਾਰ ਯਾਨੀ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਗੇ। ਬੀਬੀ ਜਗੀਰ ਕੌਰ ਨੇ ਸਾਰੇ ਅਹੁਦੇ ਤਿਆਗ ਕੇ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਪੱਤਰ ਜਾਰੀ ਕਰਦਿਆਂ ਲਿਖਿਆ ;ਆਪ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੇਰੇ ਕੋਲੋਂ ਬਤੌਰ ਕੈਬਨਿਟ ਮੰਤਰੀ ਸਪਸ਼ਟੀਕਰਨ ਮੰਗਿਆ ਹੈ। ਮੈਂ ਕੱਲ ਮਿਤੀ 9/9/24 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਲਈ ਪੇਸ਼ ਹੋ ਰਹੀ ਹਾਂ। ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਪੇਸ਼ ਹੋਵਾਂ।
ਪਾਰਟੀ ਵੱਲੋਂ ਮੈਨੂੰ ਸਲਾਹਾਕਾਰ ਅਤੇ ਐਗਜੈਕਟਿਵ ਮੈਂਬਰ ਬਣਾਇਆ ਗਿਆ ਹੈ ,ਮੈਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੀ ਹਾਂ ਤਾਂ ਜੋ ਮੈਂ ਇੱਕ ਸਧਾਰਨ ਸਿੱਖ ਦੀ ਤੌਰ 'ਤੇ ਪੇਸ਼ ਹੋ ਕੇ ਆਪਣੀ ਮਨੋ ਭਾਵਨਾਵਾਂ ਦਰਸਾ ਸਕਾਂ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਹੁਕਮ ਹੋਵੇਗਾ ,ਮੈਂ ਤਨ ਦੇਹੀ ਨਾਲ ਨਿਭਾਵਾਂਗੀ ਅਤੇ ਇੱਕ ਸਧਾਰਨ ਵਰਕਰ ਦੀ ਤੌਰ ਤੇ ਕੰਮ ਕਰਾਂਗੀ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਢੀਂਡਸਾ ਵੀ 9 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਅਕਾਲੀ ਦਲ ਸੁਧਾਰ ਲਹਿਰਦੇ ਪ੍ਰਜੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।