ਬੇਸਿੱਟਾ ਰਹੀ ਬਿਜਲੀ ਮੰਤਰੀ ਨਾਲ ਹੋਈ ਜਥੇਬੰਦੀਆਂ ਦੀ ਮੀਟਿੰਗ
Ludhiana News : ਸਾਂਝਾ ਫ਼ੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਆਗੂਆਂ ਦੀ ਸਾਂਝੀ ਮੀਟਿੰਗ ਕਨਵੀਨਰ ਰਤਨ ਸਿੰਘ ਮਜਾਰੀ ਅਤੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਢ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਰਕ ਟੂ ਰੂਲ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਮੁਲਾਜ਼ਮਾਂ ਨੂੰ 3 ਦਿਨ ਦੀ ਸਮੂਹਕ ਛੁੱਟੀ ਭਰ ਕੇ ਹੜਤਾਲ ’ਤੇ ਜਾਣ ’ਤੇ ਜ਼ੋਰ ਦਿਤਾ ਗਿਆ। ਮੀਟਿੰਗ ਦੀ ਸ਼ੁਰੂਆਤ ’ਚ ਫੋਰਮ ਦੇ ਹਰਪਾਲ ਸਿੰਘ ਪੰਜਾਬ ਸਕੱਤਰ ਨੇ 6 ਸਤੰਬਰ ਨੂੰ ਬਿਜਲੀ ਮੰਤਰੀ, ਪਾਵਰ ਸੈਕਟਰੀ ਪੰਜਾਬ ਅਤੇ ਮੈਨੇਜਮੈਂਟ ਨਾਲ ਜਥੇਬੰਦੀ ਦੀ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਮੀਟਿੰਗ ਵੀ 31 ਜੁਲਾਈ ਦੀ ਸਪਲੀਮੈਂਟਰੀ ਮੰਗ ਪੱਤਰ ’ਤੇ ਹੋਈ।
ਪੰਜਾਬ ਸਰਕਾਰ ਤੇ ਮੈਨੇਜਮੈਂਟ ਸਾਨੂੰ ਕੁੱਝ ਵੀ ਦੇਣ ਨੂੰ ਤਿਆਰ ਨਹੀਂ, ਸਗੋਂ ਗੱਲਾਂ ਨਾਲ ਹੀ ਸਾਰ ਰਹੀ ਹੈ। ਸਾਡੇ ਮੁਲਾਜ਼ਮ ਜੋ ਕੰਮ ਕਰਦਿਆਂ ਅਪਣੀਆਂ ਕੀਮਤੀ ਜਾਨਾਂ ਗਵਾ ਲੈਂਦੇ ਹਨ, ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਕਰੋੜ ਰੁਪਏ ਦੀ ਆਰਥਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।
ਸਬ ਸਟੇਸ਼ਨ ਸਟਾਫ਼ ਦੀਆਂ ਪ੍ਰਮੁੱਖ ਮੰਗਾਂ ਆਰਟੀਐੱਮ ਤੋਂ ਏਐਲਐਮ ਦੀ ਤਰੱਕੀ ਦਾ ਸਮਾਂ ਘਟਾਉਣ, ਓਸੀ ਨੂੰ ਪੇਅ ਬੈਂਡ ਦੇਣ, ਸਬ ਸਟੇਸ਼ਨ ਸਟਾਫ਼ ਦੀ ਸੁਰੱਖਿਆ, ਓਵਰ ਟਾਈਮ ਦੇਣ, ਪੰਜਾਬ ਸਰਕਾਰ ਵਲੋਂ ਜੋ ਭੱਤੇ ਦੁਬਾਰਾ ਜਾਰੀ ਕੀਤੇ ਗਏ ਹਨ, ਉਹ 2021 ਤੋਂ ਲਾਗੂ ਕਰਨ, 23 ਸਾਲਾ ਸਕੇਲ ਤੀਸਰੀ ਤਰੱਕੀ ’ਤੇ ਗਿਣਨ, ਖਾਲ੍ਹੀ ਪੋਸਟਾਂ ’ਤੇ ਭਰਤੀ ਕਰਨ, ਦੂਜੇ ਸੂਬਿਆਂ ਤੋਂ ਪਾਵਰਕਾਮ ’ਚ ਕੀਤੀ ਜਾ ਰਹੀ ਭਰਤੀ ਬੰਦ ਕਰਨ ਆਦਿ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦ ਹੱਲ ਨਹੀਂ ਕੀਤਾ ਜਾਂਦਾ ਤਾਂ 30 ਸਤੰਬਰ ਤਕ ਵਰਕ ਟੂ ਰੂਲ ਲਾਗੂ ਰਹੇਗਾ ਅਤੇ 10, 11 ਤੇ 12 ਸਤੰਬਰ ਤਕ ਤਿੰਨ ਦਿਨਾਂ ਸਮੂਹਕ ਛੁੱਟੀ ’ਤੇ ਸਾਰੇ ਸਾਥੀ ਜਾਣਗੇ। ਮੀਟਿੰਗ ਵਿਚ ਪੰਜਾਬ ਭਰ ਚੋਂ ਵੱਖ ਵੱਖ ਜੱਥੇਬੰਦੀਆਂ ਦੇ ਸੂਬਾਈ ਆਗੂ ਹਾਜ਼ਰ ਸਨ।