
ਸਿਰਸਾ 'ਚ ਯੋਗੇਂਦਰ ਯਾਦਵ ਸਮੇਤ 100 ਕਿਸਾਨ ਗ੍ਰਿਫ਼ਤਾਰ
ਚੰਡੀਗੜ੍ਹ, 7 ਅਕਤੂਬਰ : ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗੇਂਦਰ ਯਾਦਵ ਅਤੇ ਕਰੀਬ 100 ਕਿਸਾਨਾਂ ਨੂੰ ਚੌਕਸੀ ਤੌਰ 'ਤੇ ਬੁੱਧਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ। ਕਿਸਾਨਾਂ ਦਾ ਇਹ ਸਮੂਹ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨ ਵਿਰੁਧ ਵਿਅਸਤ ਸੜਕ 'ਤੇ ਪ੍ਰਦਰਸ਼ਨ ਕਰ ਰਿਹਾ ਸੀ, ਜਿਨ੍ਹਾਂ ਨੂੰ ਪੁਲਿਸ ਨੇ ਉੱਥੋਂ ਹਟਾਇਆ। ਸਿਰਸਾ ਦੇ ਡੀ.ਸੀ.ਪੀ. ਕੁਲਦੀਪ ਸਿੰਘ ਨੇ ਦਸਿਆ ਕਿ ਯਾਦਵ ਤੋਂ ਇਲਾਵਾ ਹਰਿਆਣਾ ਕਿਸਾਨ ਮਾਰਚ ਦੇ ਮੁਖੀ ਪ੍ਰਹਿਲਾਦ ਸਿੰਘ ਨੂੰ ਵੀ ਚੌਕਸੀ ਤੌਰ 'ਤੇ ਹਿਰਾਸਤ 'ਚ ਲਿਆ ਗਿਆ ਹੈ।
ਸਿੰਘ ਨੇ ਦਸਿਆ ਕਿ ਕਿਸਾਨ ਸਿਰਸਾ 'ਚ ਵਿਅਸਤ ਰਾਜਮਾਰਗ 'ਤੇ ਧਰਨਾ ਦੇ ਰਹੇ ਸਨ, ਜਿਥੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦਿਤੀ ਸੀ। ਉਨ੍ਹਾਂ ਕਿਹਾ,''ਕਿਸਾਨਾਂ ਨੂੰ ਦੁਸਹਿਰਾ ਮੈਦਾਨ 'ਚ ਧਰਨਾ ਦੇਣ ਦੀ ਮਨਜ਼ੂਰੀ ਦਿਤੀ ਗਈ ਸੀ। ਅਸੀਂ ਉਨ੍ਹਾਂ ਨੂੰ ਉੱਥੇ ਜਾਣ ਲਈ ਕਿਹਾ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਇਕ ਹੋਰ ਸਥਾਨ 'ਤੇ ਜਾਣ ਦਾ ਬਦਲ ਦਿਤਾ ਗਿਆ ਪਰ ਉਹ ਮੰਨੇ ਨਹੀਂ, ਇਸ ਲਈ ਅਸੀਂ ਉਨ੍ਹਾਂ ਨੂੰ ਚੌਕਸੀ ਵਜੋਂ ਹਿਰਾਸਤ 'ਚ ਲੈ ਲਿਆ।'' ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਅਸਤ ਸੜਕ ਦਰਮਿਆਨ ਧਰਨਾ ਦੇਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਹੋ ਰਹੀ ਸੀ। ਕਿਸਾਨਾਂ ਨੂੰ ਪ੍ਰਸ਼ਾਸਨ ਵਾਲੀ ਜਗ੍ਹਾ ਤੋਂ ਹਿਰਾਸਤ 'ਚ ਲੈ ਕੇ ਪੁਲਿਸ ਥਾਣਾ ਸਦਰ ਲਿਜਾਇਆ ਗਿਆ।
ਯਾਦਵ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਸਵਾਲਾਂ ਤੋਂ ਬੌਖਲਾ ਗਈ ਅਤੇ ਅਸੰਤੋਸ਼ ਨੂੰ ਰੋਕਣ ਲਈ ਬਲ ਦੀ ਵਰਤੋਂ ਕਰ ਰਹੀ ਹੈ। ਯਾਦਵ ਨੇ ਇਕ ਹੋਰ ਟਵੀਟ 'ਚ ਕਿਹਾ,''ਮੈਨੂੰ ਹਰਿਆਣਾ ਪੁਲਿਸ ਨੇ ਸਿਰਸਾ 'ਚ ਇਕ ਸ਼ਾਂਤੀਪੂਰਨ ਧਰਨੇ 'ਚ ਸ਼ਾਮਲ ਹੋਣ ਲਈ ਹਿਰਾਸਤ 'ਚ ਲਿਆ ਹੈ। ਲਗਭਗ 100 ਕਿਸਾਨਾਂ ਅਤੇ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ਾਹਰ ਹੈ, ਹਰਿਆਣਾ ਸਰਕਾਰ ਕਿਸਾਨਾਂ ਦੇ ਸਵਾਲਾਂ ਤੋਂ ਬੌਖਲਾ ਗਈ ਹੈ, ਅਸੰਤੋਸ਼ ਨੂੰ ਰੋਕਣ ਲਈ ਬਲ ਦੀ ਵਰਤੋਂ ਕੀਤੀ ਗਈ।'' ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਸ ਨਾਲ ਹੋਰ ਵਧੇਗਾ।'' (ਪੀਟੀਆਈ)