
ਦੇਸ਼ 'ਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 72,049 ਨਵੇਂ ਮਾਮਲੇ ਆਏ, 986 ਮਰੀਜ਼ਾਂ ਦੀ ਮੌਤ
ਕੋਰੋਨਾ ਵਾਇਰਸ ਨਾਲ 85 ਫ਼ੀ ਸਦੀ ਪੀੜਤ ਲੋਕ ਹੋਏ ਠੀਕ, ਹੁਣ ਤਕ 57 ਲੱਖ ਰਿਕਵਰ
ਨਵੀਂ ਦਿੱਲੀ, 7 ਅਕਤੂਬਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 72,049 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ 67 ਲੱਖ 57 ਹਜ਼ਾਰ 131 ਹੋ ਗਏ ਹਨ। ਪਿਛਲੇ 24 ਘੰਟਿਆਂ 'ਚ 986 ਮਰੀਜ਼ਾਂ ਦੀ ਵੀ ਮੌਤ ਹੋ ਚੁੱਕੀ ਹੈ, ਜਦੋਂ ਕਿ 82,203 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ । ਦੇਸ਼ 'ਚ ਹੁਣ ਤਕ 57 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਦੀ ਰਿਕਵਰੀ ਦੀ ਦਰ ਹੁਣ 85.02 ਫ਼ੀ ਸਦੀ ਹੈ। ਦੇਸ਼ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 13.43 ਫ਼ੀ ਸਦੀ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰੀਪੋਰਟ ਮੁਤਾਬਕ ਭਾਰਤ ਵਿਚ ਪਾਜ਼ੇਟਿਵ ਦਰ 6 ਫ਼ੀ ਸਦੀ 'ਤੇ ਆ ਗਈ ਹੈ। ਇਸ ਤੋਂ ਇਲਾਵਾ ਮੌਤ ਦਰ 1.55 ਫ਼ੀ ਸਦੀ ਰਹਿ ਗਈ ਹੈ।
ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਕੁੱਲ 1 ਲੱਖ 4 ਹਜ਼ਾਰ 555 ਲੋਕ ਅਪਣੀ ਜਾਨ ਗੁਆ ਚੁੱਕੇ ਹਨ । ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ ਸਰਗਰਮ ਮਾਮਲੇ 9,07,883 ਹਨ। ਪਿਛਲੇ 24 ਘੰਟਿਆਂ ਵਿਚ 11,99,857 ਵਿਅਕਤੀਆਂ ਦੇ ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 72,049 ਵਿਅਕਤੀ ਪਾਜ਼ੇਟਿਵ ਪਾਏ ਗਏ । ਹੁਣ ਤਕ ਦੇਸ਼ 'ਚ ਕੁੱਲ 8,22,71,654 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਭਾਰਤ ਵਿਚ ਹੁਣ ਤਕ ਕੋਰੋਨਾ ਦੇ 8.22 ਕਰੋੜ ਟੈਸਟ ਪੂਰੇ ਹੋ ਚੁੱਕੇ ਹਨ । ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ 10 ਦਿਨਾਂ 'ਚ 1 ਕਰੋੜ ਟੈਸਟ ਕੀਤੇ ਹਨ। ਜਿਸ ਕਾਰਨ ਭਾਰਤ ਦੁਨੀਆ 'ਚ ਅਮਰੀਕਾ ਤੋਂ ਬਾਅਦ ਦੂਸਰਾ ਸੱਭ ਤੋਂ ਵੱਡਾ ਟੈਸਟ ਕਰਨ ਵਾਲਾ ਦੇਸ਼ ਬਣ ਗਿਆ ਹੈ।
(ਪੀਟੀਆਈ)