
ਐਕਸਪ੍ਰੈੱਸ ਹਾਈਵੇਅ ਅਤੇ ਖੇਤੀ ਯੂਨੀਵਰਸਿਟੀ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖੋ : ਬਾਵਾ 350ਵੇਂ ਪ੍ਰਕਾਸ਼ ਪੁਰਬ 'ਤੇ ਮਾਰਚ ਕਢਿਆ ਜਾਵੇਗਾ
ਚੰਡੀਗੜ੍ਹ, 7 ਅਕਤੂਬਰ (ਜੀ.ਸੀ.ਭਾਰਦਵਾਜ): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਵਲੋਂ ਸਿੱਖ ਜਰਨੈਲ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਅੱਜ ਇਥੇ ਇਸ ਫ਼ਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਮੰਗ ਕੀਤੀ ਕਿ ਸਰਹਿੰਦ, ਫ਼ਤਿਹਗੜ੍ਹ ਸਾਹਿਬ ਤੋਂ ਜੰਮੂ ਕਟੜਾ ਨੂੰ ਜਾਂਦੀ ਹੋਈ ਵੱਡੀ ਸੜਕ, ਐਕਸਪ੍ਰੈੱਸ ਹਾਈਵੇਅ ਦਾ ਨਾਮ ਬਾਬਾ ਬੰਦਾ ਸਿੰਘ ਮਾਰਗ ਰੱਖਿਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜੋੜਿਆ ਜਾਵੇ। ਅੱਜ ਇਥੇ ਪ੍ਰੈਸ ਕਲੱਬ ਵਿਚ ਇਤਿਹਾਸਕਾਰਾਂ, ਸਿੱਖ ਬੁੱਧੀਜੀਵੀਆਂ, ਉਘੇ ਲੇਖਕਾਂ ਤੇ ਨਾਮੀ ਵਿਦਵਾਨਾਂ ਵਲੋਂ ਲਿਖੀ ਤੇ ਸੰਪਾਦਨਾ ਕੀਤੀ 160 ਸਫ਼ਿਆਂ ਦੀ ਕਿਤਾਬ, ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸ਼ਖ਼ਸੀਅਤ ਅਤੇ ਸਿਧਾਂਤਾਂ ਬਾਰੇ ਰਿਲੀਜ਼ ਕੀਤੀ ਗਈ।
ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਾਂਗਰਸੀ ਵਿਧਾਇਕ ਗੁਰਕੀਰਤ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਹੋਰ ਪ੍ਰਬੰਧਕਾਂ ਨੇ ਕਿਹਾ ਕਿ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਹਫ਼ਤੇ ਭਰ ਦੇ ਸਮਾਗਮ, ਚੱਪੜਚਿੜੀ ਤਕ ਮਾਰਚ, ਸਕੂਲਾਂ-ਕਾਲਜਾਂ ਹੋਰ ਸੰਸਥਾਵਾਂ ਵਿਚ ਸੈਮੀਨਾਰ ਕਰਵਾਏ ਜਾਣਗੇ।
ਇਸ ਕਿਤਾਬ ਦਾ ਸੰਪਾਦਕ ਡਾ. ਕੁਲਦੀਪ ਸਿੰਘ ਅਤੇ ਹੋਰ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸਮਾਜ ਨੂੰ ਵਡਮੁੱਲੀ ਦੇਣ ਅਤੇ ਪਾਏ ਯੋਗਦਾਨ ਬਾਰੇ ਦਸਦਿਆਂ ਕਿਹਾ ਕਿ ਇਸ ਮਹਾਨ ਸਿੱਖ ਜਰਨੈਲ ਨੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਸਿੱਖ ਰਾਜ ਦਾ ਪਹਿਲਾ ਸਿੱਕਾ ਵੀ ਜਾਰੀ ਕੀਤਾ। ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਦਾ 16 ਅਕਤੂਬਰ ਨੂੰ ਇਸ 350ਵੇਂ ਪਵਿੱਤਰ ਦਿਵਸ ਮੌਕੇ ਛੁੱਟੀ ਐਲਾਨਣ ਲਈ ਧਨਵਾਦ ਵੀ ਕੀਤਾ।