
ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਫ਼ਾਜ਼ਿਲਕਾ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸ਼ੁਰੂ ਕੀਤਾ ਸੰਘਰਸ਼ ਭਾਜਪਾ ਨੂੰ ਭਾਰੀ ਪੈਦਾ ਵਿਖਾਈ ਦੇ ਰਿਹਾ ਹੈ। ਇਨ੍ਹਾਂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਦੀ ਭਾਜਪਾ ਦੀ ਹਰ ਚਾਲ ਅਸਫ਼ਲ ਸਾਬਤ ਹੋ ਰਹੀ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਸਾਬਤ ਕਰਨ ਲਈ ਹਰ ਹੱਥਕੰਡਾ ਅਪਨਾ ਰਹੀ ਹੈ। ਇਸੇ ਤਹਿਤ ਉਸ ਨੇ ਪਹਿਲਾਂ ਭਾਜਪਾ ਆਗੂਆਂ ਦੀ ਕਿਸਾਨਾਂ ਨੂੰ ਕਾਨੂੰਨਾਂ ਬਾਰੇ ਜਾਗਰੂਕ ਕਰਨ ਦੀ ਡਿਊਟੀ ਲਾਈ ਪਰ ਕਿਸਾਨਾਂ ਵਲੋਂ ਭਾਜਪਾ ਆਗੂਆਂ ਦੇ ਘਿਰਾਉ ਦੇ ਡਰੋਂ ਇਹ ਸਕੀਮ ਵੀ ਨੇਪਰੇ ਨੂੰ ਚੜ੍ਹ ਸਕੀ।
Surjit Kumar Jayani
ਇਸ ਤੋਂ ਬਾਅਦ ਭਾਜਪਾ ਨੇ ਕਿਸਾਨਾਂ ਨਾਲ ਗੱਲ ਕਰਨ ਲਈ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ‘ਚ ਇਕ ਕਮੇਟੀ ਬਣਾਈ ਹੈ। ਸੰਘਰਸ਼ੀ ਜਥੇਬੰਦੀਆਂ ਨੇ ਇਸ ਕਮੇਟੀ ਦੇ ਚੇਅਰਮੈਨ ਸੁਰਜੀਤ ਕੁਮਾਰ ਜਿਆਣੀ ਖਿਲਾਫ਼ ਵੀ ਮੋਰਚਾ ਖੋਲ੍ਹ ਦਿਤਾ ਹੈ। ਇਸੇ ਤਹਿਤ ਸੰਘਰਸ਼ੀ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰ ਫ਼ਰੰਟ ਵਲੋਂ ਜਿਆਣੀ ਦੇ ਫ਼ਾਜ਼ਿਲਕਾ ਸਥਿਤ ਦਫ਼ਤਰ ਦਾ ਘਿਰਾਓ ਕੀਤਾ ਗਿਆ।
Surjit Kumar Jayani
ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀਆਂ ਮੁਤਾਬਕ ਘਿਰਾਓ ਤੋਂ ਪਹਿਲਾਂ ਹੀ ਦਫ਼ਤਰ ਬੰਦ ਪਿਆ ਸੀ, ਜਿਸ ਤੋਂ ਬਾਅਦ ਉਕਤ ਯੂਨੀਅਨਾਂ ਵਲੋਂ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਨੌਨਿਹਾਲ ਸਿੰਘ ਸੂਬਾ ਆਗੂ ਨੌਜਵਾਨ ਭਾਰਤ ਸਭਾ, ਮਹਿੰਦਰ ਕੁਮਾਰ, ਧੀਰਜ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਆਗੂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਭੱਜ ਰਹੇ ਹਨ।
Surjit Kumar Jayani
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੌਤ ਦੇ ਵਰੰਟ 'ਤੇ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਵਲੋਂ ਸਹਿਮਤੀ ਦਿਤੀ ਗਈ ਅਤੇ ਉਹ ਹੁਣ ਲੋਕਾਂ ਅੱਗੇ ਕਿਸਾਨ ਹਿਤੈਸ਼ੀ ਦਿਖਾਉਣ ਲਈ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੇ ਮਨਸੂਬਿਆਂ ਨੂੰ ਕਿਸੇ ਵੀ ਹਾਲਤ ‘ਚ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ।