
ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ: ਸਿੰਗਲਾ
ਚੰਡੀਗੜ੍ਹ, 7 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਸਕੂਲ ਖੋਲ੍ਹਣ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਨੇ ਸਕੂਲਾਂ ਨੂੰ ਖੋਲ੍ਹਣ ਸਬੰਧੀ ਗ੍ਰਹਿ ਵਿਭਾਗ ਤੋਂ ਪ੍ਰਾਪਤ ਪੱਤਰ ਦੇ ਜਵਾਬ ਵਿਚ ਅਪਣੇ ਸੁਝਾਅ ਦੇ ਦਿਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਸਬੰਧੀ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਾਰੇ ਇਹਤਿਆਤ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ। ਸਿਖਿਆ ਮੰਤਰੀ ਨੇ ਕਿਹਾ ਕਿ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਰਾਜ ਵਿਚ ਸਕੂਲ ਖੋਲ੍ਹਣ ਦੀ ਸਥਿਤੀ ਦੌਰਾਨ ਵਿਚਾਰੀ ਜਾਣ ਵਾਲੀ ਨਿਰਧਾਰਤ ਕਾਰਜ ਪ੍ਰਣਾਲੀ (ਐਸ.ਓ.ਪੀਜ਼) ਬਾਰੇ ਜਾਣੂ ਕਰਵਾ ਦਿਤਾ ਗਿਆ ਹੈ ਜਿਸ ਤਹਿਤ ਦਸਿਆ ਗਿਆ ਹੈ ਕਿ ਸਕੂਲ ਸਿਰਫ਼ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਤੇ ਕੇਵਲ ਤਿੰਨ ਘੰਟਿਆਂ ਲਈ ਖੋਲ੍ਹੇ ਜਾ ਸਕਦੇ ਹਨ।