
ਇਕ ਦੂਜੇ 'ਤੇ ਲਾਏ ਕਿਸਾਨੀ ਹਿਤਾਂ ਨਾਲ ਖਿਲਵਾੜ ਦੇ ਦੋਸ਼
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਅਪੀਲ ਨੂੰ ਠੁਕਰਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਾਨੂੰਨ ਲਿਆਉਣ ਵਿਚ ਜਾਣ ਬੁੱਝ ਕੇ ਦੇਰੀ ਕਰਦਿਆਂ ਫਿਕਸ ਮੈਚ ਖੇਡਣਾ ਬੰਦ ਕਰਨ ਕਿਉਂਕਿ ਇਹ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਲਈ ਨੁਕਸਾਨਦੇਹ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 'ਫਿਕਸਡ ਮੈਚ' ਦੇ ਲਾਏ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਬੋਲੀ ਬੋਲਣ ਕਰਕੇ ਅਕਾਲੀਆਂ ਦੀ ਆਲੋਚਨਾ ਕੀਤੀ ਹੈ।
captain Amarinder Singh
ਜਾਰੀ ਬਿਆਨ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਕਾਨੂੰਨ ਲਿਆਉਣ ਲਈ ਵਾਰ ਵਾਰ ਸਮਾਂ ਮੰਗ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਦਿਨ ਤੋਂ ਜ਼ਿਆਦਾ ਪਹਿਲਾਂ ਉਹਨਾਂ ਨੂੰ ਇਹ ਕਾਨੂੰਨ ਲਿਆਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ। ਉਹਨਾਂ ਕਿਹਾ ਕਿ ਕਿਸਾਨ ਸੰਗਠਨ ਵੀ ਅਜਿਹੀ ਦੀ ਮੰਗ ਕਰਨ।
Sukhbir Badal
ਉਨਾਂ ਕਿਹਾ ਕਿ ਮੁੱਖ ਮੰਤਰੀ ਮਾਮਲੇ ’ਤੇ ਫਿਕਸ ਮੈਚ ਖੇਡ ਰਹੇ ਹਨ ਤੇ ਉਹਨਾਂ ਨੇ ਇਕ ਹਫਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਸੁਝਾਅ ਰੱਦ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਕਿਸਾਨ ਮਾਰਚ ਤੇ ਕਿਸਾਨਾਂ ਦੇ ਰੋਹ ਅੱਗੇ ਝੂਕਦਿਆਂ ਇਹ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣਗੇ।
Captain Amarinder Singh and Sukhbir Singh Badal
ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਸੰਗਠਨਾਂ ਨੇ ਉਹਨਾਂ ਦੀ ਘੇਰਾਬੰਦੀ ਕੀਤੀ ਹੈ ਤਾਂ ਉਹ ਇਕ ਵਾਰ ਫਿਰ ਤੋਂ ਇਹ ਕਹਿ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਇਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਮੁੱਖ ਮੰਤਰੀ ਸਿਰਫ ਇਕ ਫਿਕਸ ਮੈਚ ਖੇਡ ਰਹੇ ਹਨ ਅਤੇ ਉਹਨਾਂ ਨੂੰ ਸੂਬੇ ਦੇ ਕਿਸਾਨਾਂ ਦੀ ਹਿੱਤਾਂ ਦੀ ਰਾਖੀ ਛੇਤੀ ਤੋਂ ਛੇਤੀ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
Captain Amarinder Singh and Sukhbir Singh Badal
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ, ''ਮੈਂ ਕਿਸ ਨਾਲ ਫਿਕਸਡ ਮੈਚ ਖੇਡ ਰਿਹਾ ਹਾਂ?'' ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸਾਰੇ 'ਫਿਕਸਡ ਮੈਚ' ਖੇਡਣ ਤੋਂ ਬਾਅਦ ਸੁਖਬੀਰ ਹੁਣ ਇਸ ਕਦਰ ਭਰਮ ਦਾ ਸ਼ਿਕਾਰ ਹੋ ਗਿਆ ਹੈ ਕਿ ਉਹ ਇਹ ਵੀ ਭੁੱਲ ਚੁੱਕਾ ਹੈ ਕਿ ਫਿਕਸਡ ਮੈਚ ਇਕੱਲਿਆ ਕਦੇ ਨਹੀਂ ਖੇਡਿਆ ਜਾ ਸਕਦਾ।
Capt Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੋਈ ਫਿਕਸਡ ਮੈਚ ਖੇਡ ਰਿਹਾ ਹੈ ਤਾਂ ਉਹ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਕਾਲੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਨੂੰ ਬਚਾਅ ਕਰਨ ਦੀ ਘਟਨਾ ਇਸ ਗੱਲ ਦੀ ਤਾਜ਼ਾ ਉਦਾਹਰਨ ਹੈ ਕਿ ਅਕਾਲੀ ਦਲ ਲਗਾਤਾਰ ਭਾਜਪਾ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ ਅਤੇ ਐਨ.ਡੀ.ਏ. ਛੱਡਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਹਿੱਤ ਲਈ ਕੰਮ ਕਰ ਰਿਹਾ ਹੈ।