
ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ 'ਚ ਨਿਰਾਸ਼ਾ
ਚੰਡੀਗੜ੍ਹ : ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਵਲੋਂ 16 ਸਤੰਬਰ ਦੇ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਈ ਗਈ ਸੀ, ਜਿਸ ਤੋਂ ਬਾਅਦ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ।
Vijeyinder Singla
ਇਸ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ ਅਤੇ ਸਿੱਖਿਆ ਮੰਤਰੀ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਭਰਤੀ ਚ ਵਾਧਾ ਕੀਤਾ ਜਾਵੇਗਾ, 2364 ਈ. ਟੀ. ਟੀ. ਦੀਆਂ ਪੋਸਟਾਂ ਤੋਂ ਵਧਾ ਕੇ ਹੋਰ ਪੋਸਟਾਂ ਕਰ ਦਿੱਤੀਆਂ ਜਾਣਗੀਆਂ ਪਰ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਦੇ ਉੱਪਰ ਥੋਪੀ ਗਈ ਦੂਜੇ ਪੇਪਰ ਦੀ ਸ਼ਰਤ 'ਤੇ ਸਿੱਖਿਆ ਮੰਤਰੀ ਵਲੋਂ ਸਾਫ਼ ਨਾ ਪੱਖੀ ਜਵਾਬ ਦਿਤਾ ਗਿਆ।
Tet-Pass Teachers
ਇਸ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਰਨੈਲ ਨਾਗਰਾ ਅਤੇ ਪ੍ਰਿਥਵੀ ਅਬੋਹਰ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਪੋਸਟਾਂ ਦੇ ਵਾਧੇ ਨੂੰ ਲੈ ਕੇ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਵਲੋਂ ਹਾਂ ਪੱਖੀ ਜਵਾਬ ਮਿਲਿਆ ਪਰ ਜਦੋਂ ਉਨ੍ਹਾਂ ਤੋਂ ਵੱਧ ਪੋਸਟਾਂ ਦੇ ਵਾਧੇ ਦਾ ਸਮਾਂ ਪੁੱਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਦੇਣ ਤੋਂ ਮੁੱਕਰ ਗਏ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਸਿੱਖਿਆ ਮੰਤਰੀ ਪੋਸਟਾਂ ਦੇ 'ਚ ਵਾਧੇ ਨੂੰ ਲੈ ਕੇ ਬੇਰੁਜ਼ਗਾਰਾਂ ਦੀ ਭਰਤੀ ਨੂੰ ਲਮਕਾਉਣਾ ਚਾਹੁੰਦੇ ਹਨ ਅਤੇ ਵਾਧੇ ਕਰਨ ਨੂੰ ਲੈ ਕੇ ਗੰਭੀਰ ਨਹੀਂ ਹਨ।