
ਕਿਸਾਨ ਯੂਨੀਅਨ ਲੱਖੋਵਾਲ 'ਚ ਬਗ਼ਾਵਤ
ਸੀਰਾ ਛੀਨੀਵਾਲ ਸਮੇਤ ਸਮੁੱਚੇ ਆਗੂਆਂ ਨੇ ਦਿਤਾ ਅਸਤੀਫ਼ਾ
ਬਰਨਾਲਾ, 7 ਅਕਤੂਬਰ (ਕੁਲਦੀਪ ਗਰੇਵਾਲ) : ਕਿਸਾਨੀ ਹੱਕਾਂ ਲਈ ਮੈਦਾਨੇ ਜੰਗ 'ਚ ਉਤਰਨ ਵਾਲੇ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਜਿਸ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਜ਼ਿਲ੍ਹੇ ਅੰਦਰ ਸਿਖਰਾਂ 'ਤੇ ਪਹੁੰਚਾਇਆ ਸੀ, ਉਸ ਜਥੇਬੰਦੀ ਤੋਂ ਵੱਖ ਹੋ ਕੇ ਅਪਣੀ ਭਾਰਤੀ ਕਿਸਾਨ ਯੂਨੀਅਨ ਬਰਨਾਲਾ ਜਥੇਬੰਦੀ ਦਾ ਗਠਨ ਕਰ ਦਿਤਾ।
ਕਿਸਾਨੀ ਘੋਲਾਂ ਦੇ ਨਾਲ-ਨਾਲ ਰਾਜਨੀਤੀ ਵਿਚ ਪੈਰ ਰੱਖ ਰਹੇ ਕਿਸਾਨ ਆਗੂ ਸੀਰਾ ਛੀਨੀਵਾਲ ਵਲੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਅਤੇ ਉਨ੍ਹਾਂ ਸਪੁੱਤਰ ਵਲੋਂ ਵੱਖ-ਵੱਖ 31 ਜਥੇਬੰਦੀਆਂ ਦੇ ਫ਼ੈਸਲੇ ਵਿਰੁਧ ਜਾ ਕੇ ਸੁਪਰੀਮ ਕੋਰਟ ਵਿਚ ਪਾਈ ਅਪੀਲ ਵਿਰੁਧ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਅਪਣੀ ਵਖਰੀ ਜਥੇਬੰਦੀ ਬਣਾ ਲਈ ਹੈ। ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਮਹਿੰਦਰ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰੋਸ ਜਿਤਾਇਆ ਗਿਆ ਕਿ ਆਰਡੀਨੈਂਸਾਂ ਵਿਰੁਧ ਸੂਬੇ ਭਰ 'ਚ ਚਲ ਰਿਹਾ ਸੰਘਰਸ਼ ਸਿਖਰਾਂ 'ਤੇ ਪਹੁੰਚ ਗਿਆ ਹੈ ਪਰ 30 ਜਥੇਬੰਦੀਆਂ ਨੂੰ ਭਰੋਸੇ ਵਿਚ ਲਏ ਬਿਨਾਂ ਲੱਖੋਵਾਲ ਵਲੋਂ ਆਰਡੀਨੈਂਸਾਂ ਵਿਰੁਧ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਕਿਸਾਨਾਂ ਵਿਚ ਜਥੇਬੰਦੀ ਵਿਰੁਧ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਜ਼ਿਲ੍ਹਾ ਜਥੇਬੰਦੀ ਸਮੂਹ ਅਹੁਦੇਦਾਰਾਂ ਵਲੋਂ ਲੱਖੋਵਾਲ ਕਿਸਾਨ ਯੂਨੀਅਨ ਤੋਂ ਅਸਤੀਫ਼ੇ ਦੇ ਦਿਤੇ।
ਮੀਟਿੰਗ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆਂ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਜਿਹੜੀ ਜਥੇਬੰਦੀ ਅਪਣੇ ਆਗੂਆਂ ਨੂੰ ਭਰੋਸੇ ਵਿਚ ਲਏ ਤੋਂ ਬਿਨਾਂ ਫ਼ੈਸਲੇ ਕਰਦੀ ਹੈ, ਉਸ ਜਥੇਬੰਦੀ ਨਾਲ ਕਿਸਾਨੀ ਘੋਲ ਕਰਨ ਵਾਲਾ ਕੋਈ ਕਿਸਾਨ ਨਹੀਂ ਰਹਿ ਸਕਦਾ। ਉਨ੍ਹਾਂ ਕਿਸਾਨਾਂ ਨੂੰ ਅਪੀਲ
ਕਰਦਿਆਂ ਕਿਹਾ ਕਿ ਚਲ ਰਹੇ ਸੰਘਰਸ਼ ਵਿਚ ਸਮੁੱਚੇ ਕਿਸਾਨ ਅਤੇ ਆਗੂ ਡਟੇ ਰਹਿਣ। ਅੱਜ ਤੋਂ ਬਾਅਦ ਜ਼ਿਲ੍ਹੇ ਆਗੂਆਂ ਤੇ ਵਰਕਰਾਂ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨਾਲ ਕੋਈ ਸਬੰਧ ਨਹੀਂ ਰਿਹਾ ਅਤੇ ਨਾ ਹੀ ਭਵਿੱਖ ਵਿਚ ਕੋਈ ਸਬੰਧ ਰਖਿਆ ਜਾਵੇਗਾ। ਇਸ ਮੌਕੇ ਸਰਪੰਚ ਸਿਕੰਦਰ ਸਿੰਘ, ਬਲਵਿੰਦਰ ਸਿੰਘ ਦੁੱਗਲ, ਯਾਦਵਿੰਦਰ ਸਿੰਘ ਰਾਜਗੜ੍ਹ, ਮਨਵੀਰ ਕੌਰ ਰਾਹੀਂ, ਜਸਮੇਲ ਸਿੰਘ ਕਾਲੇਕੇ, ਗੁਰਨਾਮ ਸਿੰਘ ਠੀਕਰੀਵਾਲਾ, ਡਾ: ਜਰਨੈਲ ਸਿੰਘ ਸਹੌਰ, ਗਗਨਦੀਪ ਸਿੰਘ ਸਹਿਜੜਾ, ਜਸਵੀਰ ਸਿੰਘ ਸੁੱਖਪੁਰਾ, ਗੁਰਧਿਆਨ ਸਿੰਘ ਸਹਿਜੜਾ, ਭੁਪਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਲਾਲੀ, ਹਰਜੀਤ ਸਿੰਘ, ਸਤਨਾਮ ਸਿੰਘ, ਸਿੰਗਾਰਾ ਸਿੰਘ ਆਦਿ ਸਮੇਤ ਸੈਂਕੜੇ ਆimageਗੂ ਅਤੇ ਵਰਕਰ ਹਾਜ਼ਰ ਸਨ।