
ਅਧਿਆਪਕਾਂ ਦੀ ਹਤਿਆ, ਫ਼ਿਰਕੂੁ ਸ਼ਾਂਤੀ ਵਿਗਾੜਨ ਦੀ ਕੋਸ਼ਿਸ਼ : ਡੀ.ਜੀ.ਪੀ
ਸ਼੍ਰੀਨਗਰ, 7 ਅਕਤੂਬਰ : ਜੰਮੂ-ਕਸ਼ਮੀਰ ’ਚ ਨਾਗਰਿਕਾਂ ’ਤੇ ਵੱਧ ਰਹੇ ਹਮਲਿਆਂ ਵਿਚਕਾਰ ਸ਼੍ਰੀਨਗਰ ਦੇ ਈਦਗਾਹ ਇਲਾਕੇ ’ਚ ਵੀਰਵਾਰ ਨੂੰ ਅਤਿਵਾਦੀਆਂ ਨੇ ਇਕ ਮਹਿਲਾ ਮੁੱਖ ਅਧਿਆਪਕ ਸਮੇਤ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਇਸ ਘਟਨਾ ਦੀ ਖ਼ਬਰ ਫੈਲਦੇ ਹੀ ਸ਼ਹਿਰ ਅਤੇ ਵਾਦੀ ਦੇ ਕੁੱਝ ਹਿੱਸਿਆਂ ’ਚ ਇਕ ਤਰ੍ਹਾਂ ਦੇ ਡਰ ਦਾ ਮਾਹੌਲ ਪੈਦਾ ਹੋ ਜਾਣ ਦੇ ਵਿਚਕਾਰ ਜੰਮੂ ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਰਨਲ ਦਿਲਬਾਗ ਸਿੰਘ ਨੇ ਕਿਹਾ ਕਿ ਕਸ਼ਮੀਰ ’ਚ ਨਾਗਰਿਕਾਂ, ਖ਼ਾਸਕਰ ਘੱਟ ਗਿਣਤੀ ਭਾਈਚਾਰੇ ਦੀ ਹਤਿਆ ਦਾ ਮਕਸਦ ਡਰ ਦਾ ਮਾਹੌਲ ਬਣਾਉਣਾ ਅਤੇ ਦਹਾਕਿਆਂ ਪੁਰਾਣੀ ਫ਼ਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਜੋ ਲੋਕ ਮਨੁੱਖਤਾ, ਭਾਈਚਾਰੇ ਅਤੇ ਸਥਾਨਕ ਕਦਰਾਂ ਕੀਮਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਜਲਦ ਹੀ ਬੇਨਕਾਬ ਹੋਣਗੇ। ਉਨ੍ਹਾਂ ਹਾਲ ਹੀ ਵਿਚ ਹੋਏ ਹਮਲਿਆਂ ਨੂੰ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਦੋਸ਼ ਲਾਇਆ ਕਿ ਅਤਿਵਾਦੀ ‘ਪਾਕਿਸਤਾਨ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ’ ਤਾਕਿ ਵਾਦੀ ’ਚ ਸ਼ਾਂਤੀ ਬਹਾਲੀ ’ਚ ਵਿਘਨ ਪਾਇਆ ਜਾ ਸਕੇ। ਸ਼੍ਰੀਨਗਰ ਦੀ ਸਿੱਖ ਸੁਪਿੰਦਰ ਕੌਰ ਅਤੇ ਜੰਮੂ ਦੇ ਹਿੰਦੂ ਦੀਪਕ ਚੰਦ ਦੀ ਹਤਿਆ ਦੇ ਦੋ ਦਿਨ ਪਹਿਲਾਂ ਲਸ਼ਕਰ ਏ ਤੋਇਬਾ ਨਾਲ ਸਬੰਧਤ ਸਮੂਹ ‘ਦਿ ਰੇਜ਼ਿਸਟੈਂਸ ਫੋਰਸ’ ਨੇ ਮੰਗਲਵਾਰ ਨੂੰ ਤਿੰਨ ਲੋਕਾਂ ਦੀ ਮੌਤ ਦੀ ਜ਼ਿੰਮੇਦਾਰੀ ਲਈ ਸੀ।
ਡੀਜੀਪੀ ਨੇ ਕਿਹਾ, ‘‘ਪਿਛਲੇ ਕੁੱਝ ਦਿਨਾਂ ਤੋਂ ਕਸ਼ਮੀਰ ’ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਸਮਾਜ ਲਈ ਕੰਮ ਕਰੇ ਹਨ ਅਤੇ ਜਿਨ੍ਹਾਂ ਦਾ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਇਹ ਕਸ਼ਮੀਰ ’ਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਫਿਰਕੂ ਰੰਗ ਦੇ ਕੇ ਇਥੇ ਦੀ ਫਿਰਕੁ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ।’’ (ਏਜੰਸੀ)