
ਸ੍ਰੀਨਗਰ ਦੇ ਸਕੂਲ 'ਚ ਸਿੱਖ ਪਿ੍ੰਸੀਪਲ ਅਤੇ ਅਧਿਆਪਕ ਨੂੰ ਮਾਰੀ ਗੋਲੀ
ਪੰਜ ਦਿਨਾਂ 'ਚ ਸਤਵੀਂ ਵਾਰ ਹੋਇਆ ਆਮ ਨਾਗਰਿਕਾਂ 'ਤੇ ਹਮਲਾ
ਸ਼੍ਰੀਨਗਰ, 7 ਅਕਤੂਬਰ : ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਅਤਿਵਾਦੀਆਂ ਦੀ ਘਿਨੌਣੀ ਹਰਕਤ ਸਾਹਮਣੇ ਆਈ ਹੈ | ਅਤਿਵਾਦੀਆਂ ਨੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ, ਜਿਥੇ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ | ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ | ਪੁਲਿਸ ਨੇ ਇਹ ਜਾਣਕਾਰੀ ਦਿਤੀ |
ਜਾਣਕਾਰੀ ਮੁਤਾਬਕ ਇਹ ਘਟਨਾ ਸ਼੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ਦੇ ਇਕ ਸਰਕਾਰੀ ਸਕੂਲ 'ਚ ਵਾਪਰੀ, ਜਿਥੇ ਅਤਿਵਾਦੀਆਂ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ | ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ ਸਵਾ 11 ਵਜੇ ਅਤਿਵਾਦੀਆਂ ਨੇ ਈਦਗਾਹ ਦੇ ਸੰਗਮ ਇਲਾਕੇ ਵਿਚ ਬਣੇ ਗਵਰਨਮੈਂਟ ਬੁਆਏਜ਼ ਸਕੂਲ ਵਿਚ ਗੋਲੀਬਾਰੀ ਕੀਤੀ | ਇਸ ਵਿਚ ਸਕੂਲ ਦੀ ਪਿ੍ੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਦੋਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਗਈ | ਸੁਪਿੰਦਰ ਕੌਰ ਸਿੱਖ ਭਾਈਚਾਰੇ ਤੋਂ ਅਤੇ ਦੀਪਕ ਚੰਦ ਕਸ਼ਮੀਰੀ ਪੰਡਤ ਸੀ | ਵਾਦੀ ਵਿਚ ਪਿਛਲੇ 5 ਦਿਨਾਂ ਵਿਚ ਨਾਗਰਿਕਾਂ ਦੀ ਹਤਿਆ ਦੀ ਇਹ 7 ਵੀਂ ਘਟਨਾ ਹੈ, ਜਿਨ੍ਹਾਂ ਵਿਚੋਂ 6 ਸਿਰਫ਼ ਸ਼੍ਰੀਨਗਰ ਦੇ ਹਨ |
ਇਨ੍ਹਾਂ ਵਿਚੋਂ ਘੱਟ ਗਿਣਤੀ ਭਾਈਚਾਰੇ ਤੋਂ ਸਨ | ਇਸ ਦਰਮਿਆਨ ਸੁਰੱਖਿਆ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਮੁਹਿੰਮ ਸ਼ੁਰੂ ਕਰ ਦਿਤੀ ਹੈ |
ਦਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਅਤਿਵਾਦੀ ਅਪਣਾ ਆਤੰਕ ਵਿਖਾਉਣ ਲਈ ਹੁਣ ਆਮ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ | ਪਿਛਲੇ ਕੁੱਝ ਦਿਨਾਂ ਤੋਂ ਅਤਿਵਾਦੀ ਕਈ ਆਮ ਨਾਗਰਿਕਾਂ ਦੇ ਕਤਲ ਕਰ ਚੁੱਕੇ ਹਨ | ਇਕ ਦਿਨ ਪਹਿਲਾਂ ਘਾਟੀ 'ਚ ਕਸ਼ਮੀਰੀ ਪੰਡਤ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ |