
ਗੈਂਗਸਟਰ ਬਟਾਲਾ-ਜਲੰਧਰ ਰੋਡ ’ਤੇ ਸਥਿਤ ਪਿੰਡ ਕੋਟਲਾ ਬੋਝਾ ਸਿੰਘ ਵਿਚ ਗੰਨੇ ਦੇ ਖੇਤ ਵਿਚ ਲੁਕਿਆ ਹੋਇਆ ਸੀ।
ਗੁਰਦਾਸਪੁਰ: ਕਰੀਬ 4-5 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਬਟਾਲਾ ਪੁਲਿਸ ਨੇ ਗੰਨੇ ਦੇ ਖੇਤ 'ਚੋਂ ਗੈਂਗਸਟਰ ਰਣਜੋਤ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਨਾਲ ਮੁਠਭੇੜ ਦੌਰਾਨ ਗੈਂਗਸਟਰ ਨੂੰ ਗੋਲੀ ਵੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਗੈਂਗਸਟਰ ਬਟਾਲਾ-ਜਲੰਧਰ ਰੋਡ ’ਤੇ ਸਥਿਤ ਪਿੰਡ ਕੋਟਲਾ ਬੋਝਾ ਸਿੰਘ ਵਿਚ ਗੰਨੇ ਦੇ ਖੇਤ ਵਿਚ ਲੁਕਿਆ ਹੋਇਆ ਸੀ।
ਇਸ ਦੌਰਾਨ ਦੋਵੇਂ ਪਾਸਿਓਂ ਕਰੀਬ 60 ਰਾਊਂਡ ਫਾਇਰ ਹੋਏ। ਪੁਲਿਸ ਨੇ ਗੈਂਗਸਟਰ ਬਬਲੂ ਕੋਲੋਂ 2 ਹਥਿਆਰ ਵੀ ਬਰਾਮਦ ਕੀਤੇ। ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿਚ ਬਟਾਲਾ ਵਿਚ ਰਣਜੋਧ ਬਬਲੂ ਖ਼ਿਲਾਫ਼ ਕਾਤਲਾਨਾ ਹਮਲੇ ਦੇ ਦੋ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 4-5 ਮਾਮਲੇ ਅੰਮ੍ਰਿਤਸਰ ਦਿਹਾਤੀ ਵਿਚ ਦਰਜ ਹਨ।
ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਸਵੇਰੇ ਛਾਪੇਮਾਰੀ ਲਈ ਆਪਰੇਸ਼ਨ ਚਲਾਇਆ ਸੀ, ਇਸ ਦੌਰਾਨ ਗੈਂਗਸਟਰ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪੁਲਿਸ ਨੇ ਗੈਂਗਸਟਰ ਦਾ ਪਿੱਛਾ ਕੀਤਾ, ਇਸ ਦੌਰਾਨ ਗੈਂਗਸਟਰ ਨੇ ਪੁਲਿਸ ਉੱਤੇ ਫਾਈਰਿੰਗ ਕੀਤੀ, ਜਿਸ ਦੇ ਜਵਾਬ ਵਿਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ।
ਉਹਨਾਂ ਕਿਹਾ ਕਿ ਗੈਂਗਸਟਰ ਸਾਰੇ ਇਕ ਦੂਜੇ ਦੀ ਮਦਦ ਕਰਦੇ ਹਨ। ਬਾਕੀ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਜਾਵੇਗਾ। ਪੁਲਿਸ ਵੱਲੋਂ ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪੁਲਿਸ ਨੇ ਗੈਂਗਸਟਰ ਬਬਲੂ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਵਿਚ ਲਿਆ ਹੈ।