
ਪਰਿਵਾਰ ਦੇ ਨਹੀਂ ਰੁਕ ਰਹੇ ਹੰਝੂ
ਸਾਨ ਫਰਾਂਸਿਸਕੋ: ਅਮਰੀਕਾ ਵਿੱਚ ਮਾਰੇ ਗਏ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਅਮਨਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸਦਾ ਅਮਰੀਕੀ ਸੁਪਨਾ ਗਲਤ ਹੋ ਗਿਆ ਹੈ। ਹੁਣ ਅਮਰੀਕਾ ਬਾਰੇ ਸੋਚ ਕੇ ਵੀ ਕੰਬ ਜਾਂਦੀ ਹੈ। ਜਸਪ੍ਰੀਤ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਅਮਰੀਕਾ ਵਿੱਚ ਪਰਵਾਸੀਆਂ ਵਜੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰਨ ਲਈ 18 ਸਾਲ ਸਖ਼ਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਸਿਰਫ਼ ਦਰਦ ਹੀ ਮਿਲਿਆ। ਉਸ ਨੇ ਕਿਹਾ ਕਿ ਅੱਠ ਮਹੀਨਿਆਂ ਦੀ ਬੱਚੀ ਨੇ ਅਜਿਹਾ ਕੀ ਅਪਰਾਧ ਕੀਤਾ ਜਿਸ ਨੇ ਉਸ ਦੀ ਜਾਨ ਲੈ ਲਈ। ਜਸਪ੍ਰੀਤ ਨੇ ਦੱਸਿਆ ਕਿ ਦੋਵੇਂ ਭਰਾ ਪਰਿਵਾਰ ਵਿਚ ਇਕੱਲੇ ਕਮਾਉਣ ਵਾਲੇ ਸਨ ਅਤੇ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਦੇ ਸਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇਕ ਬਾਗ 'ਚੋਂ 8 ਮਹੀਨੇ ਦੀ ਬੱਚੀ ਆਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ, ਜੋ ਕਿ ਮੂਲ ਰੂਪ ਵਿੱਚ ਹੁਸ਼ਿਆਰਪੁਰ, ਪੰਜਾਬ ਦੇ ਹਰਸੀਪਿੰਡ ਦਾ ਰਹਿਣ ਵਾਲਾ ਸੀ, ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ਹਿਰ ਵਿੱਚ ਉਨ੍ਹਾਂ ਦੇ ਕਾਰੋਬਾਰੀ ਅਦਾਰੇ ਤੋਂ ਅਗਵਾ ਕਰ ਲਿਆ ਗਿਆ ਸੀ। ਇਹ ਜਾਣਕਾਰੀ ਵੀਡੀਓ ਫੁਟੇਜ ਤੋਂ ਮਿਲੀ।
ਅਮਨਦੀਪ ਦੀ ਵਿਧਵਾ ਜਸਪ੍ਰੀਤ ਕੌਰ ਨੇ ‘ਗੋ ਫੰਡ ਮੀ’ ਫੰਡਰੇਜ਼ਰ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਭਰਾ ਪਿਛਲੇ 18 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਨਾ ਸਿਰਫ਼ ਕੈਲੀਫੋਰਨੀਆ ਵਿੱਚ ਆਪਣੇ ਪਰਿਵਾਰ ਦੀ, ਸਗੋਂ ਭਾਰਤ ਵਿੱਚ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਸੰਭਾਲਿਆ ਹੋਇਆ ਸੀ। ਪਰਿਵਾਰ ਦੇ 'ਗੋ ਫੰਡ ਮੀ' ਪੇਜ 'ਤੇ ਉਨ੍ਹਾਂ ਲਿਖਿਆ, 'ਇਹ ਅਮਰੀਕਾ 'ਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।' 3 ਅਕਤੂਬਰ ਨੂੰ ਸਾਡੇ ਪਰਿਵਾਰ ਨੂੰ ਹਿੰਸਕ ਢੰਗ ਨਾਲ ਸਾਡੇ ਕੋਲੋਂ ਖੋਹ ਲਿਆ ਗਿਆ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਰੋਜ਼ਾਨਾ ਸਥਾਨਕ ਫੂਡ ਬੈਂਕ ਨੂੰ ਭੋਜਨ ਦਾਨ ਕਰਦੇ ਸੀ ਅਤੇ ਹਰ ਐਤਵਾਰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਲਈ ਜਾਂਦੇ ਸੀ। ਉਨ੍ਹਾਂ ਦੀ ਨੌਂ ਸਾਲ ਦੀ ਬੇਟੀ ਅਤੇ ਅੱਠ ਸਾਲ ਦਾ ਬੇਟਾ ਹੈ।
ਹਾਲਾਂਕਿ ਸਿੱਖ ਪਰਿਵਾਰ ਦੇ ਕਤਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਅਤੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਪਹਿਲਾਂ ਉਸ ਪਰਿਵਾਰ ਲਈ ਹੀ ਕੰਮ ਕਰਦਾ ਸੀ। ਉਸ ਦਾ ਇਸ ਪਰਿਵਾਰ ਨਾਲ ਪੁਰਾਣਾ ਝਗੜਾ ਸੀ, ਜਿਸ ਦਾ ਨਤੀਜਾ ਇਹ ਕਤਲੇਆਮ ਹੋਇਆ ਹੈ। ਮਰਸਡ ਕਾਉਂਟੀ ਸ਼ੈਰਿਫ ਦੇ ਬੁਲਾਰੇ ਅਲੈਗਜ਼ੈਂਡਰਸ ਬ੍ਰਿਟਨ ਨੇ ਕਿਹਾ ਕਿ 48 ਸਾਲਾ ਜੀਸਸ ਮੈਨੁਅਲ ਸਲਗਾਡੋ ਨੂੰ ਅਗਵਾ ਦੇ ਚਾਰ ਮਾਮਲਿਆਂ ਵਿਚ ਵੀਰਵਾਰ ਦੇਰ ਰਾਤ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮਰਸਡ ਸ਼ਹਿਰ ਵਿੱਚ 6 ਤੋਂ 9 ਅਕਤੂਬਰ ਤੱਕ ਹਰ ਰੋਜ਼ ਸ਼ਾਮ 7 ਵਜੇ ਤੱਕ ਮੋਮਬੱਤੀਆਂ ਜਗਾ ਕੇ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।