 
          	ਕਿਹਾ - ਇਕੱਠ ’ਚ ਬੁਲਾਉਣ ਵਾਲਿਆਂ ਨੂੰ ‘ਤਨਖ਼ਾਹੀਆ’ ਸ਼ਬਦ ਦੇ ਮਤਲਬ ਤੱਕ ਦਾ ਨਾ ਪਤਾ ਹੋਣਾ ਪੰਥਕ ਨਿਘਾਰ ਦੀ ਨਿਸ਼ਾਨੀ
Punjab News : ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਮੁਫਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਘੋਰ ਉਲੰਘਣਾ ਕਰਕੇ ਇਹ ਸਾਬਿਤ ਕੀਤਾ ਹੈ ਕਿ ਉਨ੍ਹਾਂ ਲਈ ਪੰਥਕ ਮਰਿਯਾਦਾ ਦੀ ਕੋਈ ਅਹਿਮੀਅਤ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਮਨਜੀਤ ਸਿੰਘ, ਇੰਦਰਮੋਹਨ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਪੂੜੈਣ, ਤੇਜਾ ਸਿੰਘ ਕਮਾਲਪੁੱਰ ਤਿੰਨੇ ਐਗਜੈਕਟਿਵ ਮੈਂਬਰ,ਅਮਰੀਕ ਸਿੰਘ ਸਾਹਪੁੱਰ, ਮਹਿੰਦਰ ਸਿੰਘ ਹੁਸੈਨਪੁਰ, ਪਰਮਜੀਤ ਕੌਰ ਲਾਡਰਾਂ, ਜਰਨੈਲ ਸਿੰਘ ਕਰਤਾਰਪੁੱਰ ਨੇ ਅਫ਼ਸੋਸ ਜ਼ਾਹਿਰ ਕਰਦੀਆਂ ਕਿਹਾ, ਇਹ ਕੌਮ ਦੀ ਬਦਕਿਸਮਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਜਾਂ ਤਾਂ ਪੰਥਕ ਮਰਿਯਾਦਾ ਦੀ ਸਮਝ ਨਹੀਂ ਜਾਂ ਫਿਰ ਓਹ ਸਿਆਸੀ ਹੰਕਾਰ ਜ਼ਰੀਏ ਸਿੰਘ ਸਾਹਿਬਾਨਾਂ ਦੇ ਹੁਕਮ ਨੂੰ ਟਿੱਚ ਸਮਝਦੇ ਹਨ।
ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਅਚਾਨਕ ਉਨ੍ਹਾਂ ਸਾਹਮਣੇ ਸੁਖਬੀਰ ਸਿੰਘ ਬਾਦਲ ਦੀਆਂ ਜਨਤਕ ਸਮਾਗਮ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਆਈਆਂ ਤਾਂ ਓਹਨਾ ਨੂੰ ਬੜਾ ਗਹਿਰਾ ਦੁੱਖ ਲੱਗਾ ਅਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਕਿ ਉਨ੍ਹਾਂ ਲਈ ਮੀਰੀ ਪੀਰੀ ਦੇ ਸਿਧਾਂਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿਸ ਸਿਆਸਤ ਨੂੰ ਪੈਰਾਂ ਹੇਠ ਅਤੇ ਧਰਮ ਨੂੰ ਸਿਰ ਦਾ ਤਾਜ ਸਮਝਣਾ ਗੁਰਮਤਾ ਹੈ ,ਇਸ ਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਰਯਾਦਾ ਨੂੰ ਤਾਰ ਤਾਰ ਕੀਤਾ।
ਸੁਧਾਰ ਲਹਿਰ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ, ਖੁਦ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਨ੍ਹਾਂ ਲਈ ਤਨਖਾਹੀਆ ਦਾ ਮਤਬਲ ਕੀ ਹੈ, ਜਾਂ ਆਪਣੇ ਸਿਆਸੀ ਸਾਥੀ ਤੋਂ ਹੀ ਪੁੱਛ ਲੈਣ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਟੀਵੀ ਤੇ ਤਨਖਾਹੀਆ ਕਰਾਰ ਵਿਅਕਤੀ ਨਾਲ ਕਿਸ ਤਰੀਕੇ ਦੇ ਸਬੰਧ ਰੱਖੇ ਜਾਣੇ ਚਾਹੀਦੇ ਨੇ, ਕਿਸ ਤਰੀਕੇ ਤਨਖਾਹੀਆ ਕਰਾਰ ਵਿਅਕਤੀ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮ ਜਾਰੀ ਕੀਤਾ ਸੀ ਪੰਥਕ ਮਰਿਯਾਦਾ ਦੀ ਪਾਲਣਾ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ ਤੇ ਅਕਾਲੀ ਦਲ ਵਿੱਚ ਪੈਦਾ ਹੈ ਸੰਕਟ ਨੂੰ ਸ੍ਰੀ ਤਖ਼ਤ ਸਾਹਿਬ ਤੇ ਵਿਚਾਰਿਆ ਜਾ ਰਿਹਾ ਹੈ , ਜਿਸ ਦੇ ਚਲਦੇ ਕੋਈ ਨੇਤਾ ਬਿਆਨਬਾਜੀ ਤੋ ਗੁਰੇਜ ਕਰੇ ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਸਾਫ ਕਰ ਦਿੱਤਾ ਕਿ, ਓਹ ਪੰਥਕ ਮਖੌਟਾ ਪਾਏ ਹੋਏ ਲੀਡਰ ਨੇ, ਜਿਨਾ ਦਾ ਅਮਲੀ ਰੂਪ ਵਿੱਚ ਪੰਥਕ ਮਰਿਯਾਦਾ ਨਾਲ ਕੋਈ ਦੂਰ ਤੱਕ ਦਾ ਵੀ ਨਾਤਾ ਨਹੀਂ ਹੈ।
ਇਸ ਦੇ ਨਾਲ ਹੀ ਪੰਥਕ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸਿੱਖ ਸੰਗਤ ਨੂੰ ਅਪੀਲ ਕੀਤੀ ਪੰਥਕ ਮਰਿਯਾਦਾ ਨੂੰ ਢਾਹ ਲਗਾਉਣ ਵਾਲੇ  ਅਤੇ ਮਜ਼ਾਕ ਉਡਾਉਣ ਵਾਲੇ ਮਖੌਟੇ ਪਾਈ ਬੈਠੇ ਅਜਿਹੇ ਲੋਕਾਂ ਨੂੰ ਸਿੱਖ ਸੰਗਤ ਹੀ ਸ਼ਕਤੀ ਦਾ ਅਹਿਸਾਸ ਕਰਾਵੇ।
 
                     
                
 
	                     
	                     
	                     
	                     
     
     
                     
                     
                     
                     
                    