
ਖਾਦ ਦੀ ਕਿੱਲਤ ਪੈਦਾ ਕਰ ਕੇ ਕੀਤੀ ਜਾ ਰਹੀ ਹੈ ਕਾਲਾ-ਬਾਜ਼ਾਰੀ
ਚੰਡਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ ਅੰਦਰ ਰੇਲ ਆਵਾਜਾਈ ਨੂੰ ਬੰਦ ਕਰਨ ਤੋਂ ਬਾਅਦ ਪੰਜਾਬ ਅੰਦਰ ਕੋਲੇ ਸਮੇਤ ਦੂਜੀਆਂ ਵਸਤਾਂ ਦੀ ਢੋਆ-ਢੁਆਈ ‘ਤੇ ਅਸਰ ਪੈਣ ਲੱਗਾ ਹੈ। ਇਸ ਦਾ ਫਾਇਦਾ ਹੁਣ ਕਾਲਾਬਜ਼ਾਰੀ ਕਰਨ ਵਾਲੇ ਅਨਸਰ ਵੀ ਉਠਾਉਣ ਲੱਗੇ ਹਨ। ਖਾਸ ਕਰ ਕੇ ਕਣਕ ਦੀ ਬਿਜਾਈ ਦਾ ਸੀਜ਼ਨ ਚਲਦੇ ਹੋਣ ਕਾਰਨ ਕੁੱਝ ਕਾਲੀਆਂ ਭੇਡਾਂ ਖਾਦ ਦੀ ਨਕਲੀ ਕਿੱਲਤ ਪੈਦਾ ਕਰ ਕੇ ਕਾਲਾਬਾਜ਼ਾਰੀ ਕਰ ਰਹੀਆਂ ਹਨ।
fertilizer
ਪਿਛਲੇ ਦਿਨਾਂ ਦੌਰਾਨ ਯੂਰੀਆ ਸਮੇਤ ਦੂਜੀਆਂ ਖਾਦਾ ਲੁਕਾ ਕੇ ਰੱਖਣ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਸੂਤਰਾਂ ਮੁਤਾਬਕ ਪੰਜਾਬ ਅੰਦਰ ਸੜਕ ਰਸਤੇ ਖਾਦ ਦਾ ਆਉਣਾ ਲਗਾਤਾਰ ਜਾਰੀ ਹੈ। ਵਪਾਰੀ ਖਾਦ ਦੇ ਆਰਡਰ ਹਰਿਆਣਾ ਵਿਚਲੇ ਸਰਹੱਦੀ ਇਲਾਕਿਆਂ ‘ਚ ਉਤਾਰ ਕੇ ਆਗੇ ਟਰੱਕਾਂ ਰਾਹੀਂ ਪੰਜਾਬ ‘ਚ ਪਹੁੰਚਾ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਅੰਦਰ ਖਾਦ ਦੀ ਕਿੱਲਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
fertilizer
ਹੁਣ ਕੁੱਝ ਗਲਤ ਕਿਸਮ ਦੇ ਵਪਾਰੀਆਂ ਦੇ ਹਰਿਆਣਾ ‘ਚੋਂ ਖਾਦ ਲਿਆ ਕੇ ਪੰਜਾਬ ਅੰਦਰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਹਰਿਆਣਾ ਦੇ ਖੇਤੀਬਾੜੀ ਵਿਭਾਗ ਨੇ ਅੰਬਾਲਾ ਵਿਚ 5 ਵਾਹਨ ਫੜੇ ਹਨ, ਜਿਸ ਵਿਚ ਲੱਦੀ ਹੋਈ ਖਾਦ ਨੂੰ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਵਿਚ ਲਿਜਾਇਆ ਜਾਣਾ ਸੀ। ਸਾਰੀਆਂ ਗੱਡੀਆਂ ਪੰਜਾਬ ਦੀਆਂ ਹਨ, ਜਿਨ੍ਹਾਂ ਦੇ ਡਰਾਈਵਰ ਫਰਾਰ ਹੋ ਗਏ। ਹਾਲਾਂਕਿ, ਟੀਮ ਨੇ ਇਕ ਫਰਮ ਦੇ ਮੁਨਸ਼ੀ ਨੂੰ ਫੜ ਲਿਆ। ਇਸ ਮਾਮਲੇ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ, ਜਿਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾ ਰਹੀ ਹੈ।
fertilizer
ਇਸ ਦੌਰਾਨ ਸ਼ੁੱਕਰਵਾਰ ਦੇਰ ਰਾਤ ਅੰਬਾਲਾ ਵਿੱਚ ਖੇਤੀਬਾੜੀ ਵਿਭਾਗ ਨੇ ਯੂਰੀਆ ਸਪਲਾਈ ਕਰਨ ਵਾਲੇ 5 ਵਾਹਨ ਕਾਬੂ ਕੀਤੇ। ਇਸ ਵਿਚ 3 ਟਰੱਕ, 1 ਟਰਾਲੀ ਤੇ 1 ਟਰੈਕਟਰ-ਟਰਾਲੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਯੂਰੀਆ ਖਾਦ ਦੀ ਖੇਪ ਮਾਲ ਗੱਡੀ ਯਮੁਨਾਨਗਰ ਪਹੁੰਚੀ ਸੀ, ਜਿੱਥੋਂ ਯੂਰੀਆ ਦੀ ਸਪਲਾਈ ਅੰਬਾਲਾ ਕੀਤੀ ਗਈ। ਇਸ ਲਈ, ਯਮੁਨਾਨਗਰ ਤੇ ਅੰਬਾਲਾ ਦੇ ਡੀਡੀਏ ਨੂੰ ਪਹਿਲਾਂ ਜਾਣਕਾਰੀ ਦੇਣੀ ਹੁੰਦੀ ਹੈ, ਪਰ ਇਸ ਵਿਚ ਅਜਿਹਾ ਨਹੀਂ ਕੀਤਾ ਗਿਆ ਸੀ। ਅੰਬਾਲਾ ਦੇ ਖੇਤੀਬਾੜੀ ਸੇਵਾਵਾਂ ਕੇਂਦਰ ਦੇ ਡੀਲਰ ਨੇ ਯੂਰੀਆ ਖਾਦ ਅੰਬਾਲਾ ਤੋਂ ਪੰਜਾਬ ਭੇਜਣ ਦਾ ਸੌਦਾ ਕੀਤਾ ਸੀ।
Fertilizer
ਅੰਬਾਲਾ ਦੀ ਅਨਾਜ ਮੰਡੀ ਵਿਚ ਹਰਿਆਣਾ ਨੰਬਰ ਦੇ ਟਰੱਕਾਂ ਤੋਂ ਯੂਰੀਆ ਨੂੰ ਪੰਜਾਬ ਨੰਬਰ ਦੀਆਂ ਗੱਡੀਆਂ ਵਿਚ ਲੋਡ ਕੀਤਾ ਜਾ ਰਿਹਾ ਸੀ, ਪਰ ਜਦੋਂ ਖੇਤੀਬਾੜੀ ਵਿਭਾਗ ਨੇ ਰੇਡ ਮਾਰੀ ਤਾਂ ਸਾਰੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ, ਇਕ ਵਿਅਕਤੀ ਮੌਕੇ ਤੇ ਫੜਿਆ ਗਿਆ ਜੋ ਪੰਜਾਬ ਦੀ ਇਕ ਫਰਮ ਦਾ ਮੁਨੀਮ ਹੈ। ਉਸ ਨੇ ਆਪਣੇ ਆਪ ਨੂੰ ਇਸ ਸਾਰੇ ਮਾਮਲੇ ਤੋਂ ਅਣਜਾਣ ਦੱਸਿਆ ਹੈ। ਉਸ ਨੇ ਦੱਸਿਆ ਕਿ ਇਹ ਖਾਦ ਪੰਜਾਬ ਵਿਚ ਸਪਲਾਈ ਕੀਤੀ ਜਾਣੀ ਸੀ।