
ਰੇਲਵੇ ਵਲੋਂ ਮੁਸਾਫ਼ਰ ਗੱਡੀਆਂ ਨਾਲ ਚਲਾਏ ਬਿਨਾਂ ਮਾਲ ਗੱਡੀਆਂ ਚਲਾਉਣ ਤੋਂ ਸਾਫ਼ ਨਾਂਹ
ਰੇਲਵੇ ਮੰਤਰਾਲੇ ਨੇ ਫ਼ਿਲਹਾਲ 12 ਨਵੰਬਰ ਤਕ ਆਵਾਜਾਈ ਬੰਦ ਰੱਖਣ ਦਾ ਫ਼ੈਸਲਾ ਲਿਆ
ਚੰਡੀਗੜ੍ਹ, 7 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਹਾਲੇ ਵੀ ਕੇਂਦਰ ਸਰਕਾਰ ਨਾਲ ਰੇਲਾਂ ਚਲਾਉਣ ਨੂੰ ਲੈ ਕੇ ਪਿਆ ਰੇੜਕਾ ਬਰਕਰਾਰ ਹੈ ਅਤੇ ਰੇਲ ਮੰਤਰਾਲੇ ਦੇ ਬਿਆਨਾਂ ਨੂੰ ਗਹੁ ਨਾਲ ਦੇਖੀਏ ਤਾਂ ਫ਼ਿਲਹਾਲ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਬਹਾਲ ਹੁੰਦੀ ਨਹੀਂ ਲਗਦੀ। ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਨੇ ਇਸ ਮੁੱਦੇ ਨੂੰ ਲੈ ਕੇ ਗੇਂਦ ਹੁਣ ਪੰਜਾਬ ਦੇ ਪਾਲੇ ਵਿਚ ਸੁੱਟ ਦਿਤੀ ਹੈ। ਇਸੇ ਦੌਰਾਨ ਰੇਲ ਮੰਤਰਾਲੇ ਨੇ ਪੰਜਾਬ ਵਿਚ ਰੇਲ ਗੱਡੀਆਂ ਬੰਦ ਰੱਖਣ ਦੀ ਤਰੀਕ ਵਧਾ ਕੇ 12 ਨਵੰਬਰ ਕਰ ਦਿਤੀ ਹੈ। ਪਹਿਲਾਂ ਇਹ ਤਰੀਕ 7 ਨਵੰਬਰ ਤਕ ਸੀ।
ਕੇਂਦਰੀ ਰੇਲ ਮੰਤਰਾਲੇ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਅੱਜ ਮੁੜ ਵਰਚੂਅਲ ਪ੍ਰੈਸ ਕਾਨਫ਼ਰੰਸ ਕਰ ਕੇ ਬਿਨਾਂ ਮੁਸਾਫ਼ਰ ਗੱਡੀਆਂ ਚਲਾਏ ਸਿਰਫ਼ ਮਾਲ ਗੱਡੀਆਂ ਚਲਾਏ ਜਾਣ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਰੇਲਾਂ ਚਲਣਗੀਆਂ ਤਾਂ ਸਾਰੀਆਂ ਹੀ ਚਲਣਗੀਆਂ। ਮੌਜੂਦਾ ਸਥਿਤੀਆਂ ਵਿਚ ਸਿਰਫ਼ ਮਾਲ ਗੱਡੀਆਂ
ਚਲਾਉਣਾ ਰੇਲਵੇ ਲਈ ਸੰਭਵ ਨਹੀਂ ਕਿਉਂਕਿ ਅਜਿਹਾ ਤਜਰਬਾ 22 ਸਤੰਬਰ ਨੂੰ ਵੀ ਦੋ ਦਿਨ ਮਾਲ ਗੱਡੀਆਂ ਚਲਾ ਕੇ ਕੀਤਾ ਗਿਆ ਸੀ, ਜਿਸ ਦੌਰਾਨ ਕਿਸਾਨਾਂ ਦੀਆਂ ਰੁਕਾਵਟਾਂ ਆ ਜਾਣ ਕਾਰਨ ਹਾਦਸੇ ਹੁੰਦੇ ਟਲੇ ਸਨ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ਵੀ ਉਹੀ ਹੈ ਅਤੇ ਕਿਸਾਨ ਅੰਦੋਲਨਕਾਰੀ 22 ਥਾਵਾਂ 'ਤੇ ਹਾਲੇ ਵੀ ਰੇਲਵੇ ਸਟੇਸ਼ਨਾਂ ਦੇ ਬਾਹਰ ਬੈਠੇ ਹਨ, ਜੋ ਕਿਸੇ ਸਮੇਂ ਵੀ ਟਰੈਕ ਤੇ ਆ ਕੇ ਰੁਕਾਵਟਾਂ ਪਾ ਸਕਦੇ ਹਨ। ਇਸ ਲਈ ਰੇਲਵੇ ਖੇਤਰ ਨੂੰ ਪੂਰੀ ਤਰ੍ਹਾਂ ਕਿਸਾਨਾਂ ਤੋਂ ਮੁਕਤ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬਾ imageਸਰਕਾਰ ਵੀ ਮਾਲ ਗੱਡੀਆਂ ਲਈ ਟਰੈਕ ਖ਼ਾਲੀ ਹੋਣ ਦੀ ਗੱਲ ਆਖ ਰਹੀ ਹੈ ਪਰ ਉਸ ਨੂੰ ਮੁਸਾਫ਼ਰ ਗੱਡੀਆਂ ਲਈ ਵੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦੇਣਾ ਪਵੇਗਾ ਅਤੇ ਇਸ ਤੋਂ ਬਾਅਦ ਹੀ ਰੇਲਾਂ ਚਲਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਰੇਲਵੇ ਨੂੰ ਹੁਣ ਕਿਸਾਨਾਂ ਦੇ ਰੇਲਵੇ ਸਟੇਸ਼ਨਾਂ ਬਾਹਰ ਲੱਗੇ ਧਰਨਿਆਂ ਤੇ ਵੀ ਇਤਰਾਜ਼ ਹੈ।