
ਕੋਰੋਨਾ ਕਾਲ ਮਗਰੋਂ ਦੀ ਦੁਨੀਆਂ 'ਚ ਤਕਨਾਲੋਜੀ ਦੀ ਸੱਭ ਤੋਂ ਵੱਡੀ ਭੂਮਿਕਾ ਹੋਵੇਗੀ : ਮੋਦੀ
ਨਵੀਂ ਦਿੱਲੀ, 7 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਬਾਅਦ ਦੀ ਦੁਨੀਆ ਬਹੁਤ ਵੱਖਰੀ ਹੋਣ ਜਾ ਰਹੀ ਹੈ, ਜਿਸ 'ਚ ਸੱਭ ਤੋਂ ਵੱਡੀ ਭੂਮਿਕਾ ਤਕਨਾਲੋਜੀ ਦੀ ਹੋਵੇਗੀ ਅਤੇ ਉਹ ਆਤਮ ਨਿਰਭਰ ਭਾਰਤ ਮੁਹਿੰਮ ਦੀ ਸਫ਼ਲਤਾ ਦੀ ਬਹੁਤ ਵੱਡੀ ਤਾਕਤ ਹੋਵੇਗੀ। ਮੋਦੀ ਵੀਡੀਉ ਕਾਨਫਰੰਸ ਰਾਹੀਂ ਭਾਰਤੀ ਤਕਨਾਲੋਜੀ ਸੰਸਥਾ, (ਆਈ.ਆਈ.ਟੀ.) ਦਿੱਲੀ ਦੇ 51ਵੇਂ ਸਾਲਾਨਾ ਡਿਗਰੀ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਵਿਸ਼ਵੀਕਰਨ ਮਹੱਤਵਪੂਰਨ ਹੈ ਪਰ ਇਸ ਦੇ ਨਾਲ-ਨਾਲ ਆਤਮਨਿਰਭਰਤਾ ਵੀ ਓਨੀ ਹੀ ਜ਼ਰੂਰੀ ਹੈ। ਮੋਦੀ ਨੇ ਅਪਣੇ ਸੰਬੋਧਨ 'ਚ ਕਿਹਾ,''ਕੋਰੋਨਾ ਦਾ ਇਹ ਸੰਕਟਕਾਲ ਦੁਨੀਆ 'ਚ ਬਹੁਤ ਵੱਡੀ ਤਬਦੀਲੀ ਲੈ ਕੇ ਆਇਆ ਹੈ। ਕੋਵਿਡ-19 ਦੇ ਬਾਅਦ ਦੀ ਦੁਨੀਆ ਬਹੁਤ ਵੱਖਰੀ ਹੋਣ ਜਾ ਰਹੀ ਹੈ ਅਤੇ ਇਸ 'ਚ ਸੱਭ ਤੋਂ ਵੱਡੀ ਭੂਮਿਕਾ ਤਕਨਾਲੋਜੀ ਦੀ ਹੋਵੇਗੀ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਨਵੀਂ ਕਾਢ ਲਿਆਉਣ ਦੀ ਅਪੀਲ ਕੀਤੀ, ਦੇਸ਼ ਵਿੱਚ ਸ਼ੁਰੂਆਤ ਦੀਆਂ ਅਨੇਕਾਂ ਸੰਭਾਵਨਾਵਾਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਖੇਤੀ ਸੈਕਟਰ ਵਿੱਚ ਨਵੀਨਤਾ ਅਤੇ ਨਵੀਂ ਸ਼ੁਰੂਆਤ ਲਈ ਇੰਨੀ ਸੰਭਾਵਨਾ ਪੈਦਾ ਹੋਈ ਹੈ । ਪਹਿਲੀ ਵਾਰ ਪੁਲਾੜ ਸੈਕਟਰ 'ਚ ਨਿੱਜੀ ਨਿਵੇਸ਼ ਦੇ ਰਾਹ ਖੁੱਲ ਗਏ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਹਰ ਖੇਤਰ ਦੀ ਵੱਧ ਤੋਂ ਵੱਧ ਸੰਭਾਵਨਾਵਾਂ ਪ੍ਰਾਪਤ ਕਰਨ ਲਈ ਨਵੇਂ ਤਰੀਕਿਆਂ ਨਾਲ ਕੰਮ ਕਰ ਰਿਹਾ ਹੈ ।image
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ ਭਰ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਮਹੱਤਵਪੂਰਨ ਬੈਠਕਾਂ ਅਤੇ ਵੱਡੇ-ਵੱਡੇ ਪ੍ਰੋਗਰਾਮ ਡਿਜ਼ੀਟਲ ਮਾਧਿਅਮ ਨਾਲ ਹੋਣਗੇ ਪਰ ਹੁਣ ਇਨ੍ਹਾਂ ਸਾਰਿਆਂ ਦਾ ਰੂਪ ਬਦਲ ਚੁੱਕਿਆ ਹੈ। ਉਨ੍ਹਾਂ ਕਿਹਾ, ''ਆਤਮਨਿਰਭਰ ਭਾਰਤ ਮੁਹਿੰਮ ਦੀ ਸਫ਼ਲਤਾ ਲਈ ਇਹ ਬਹੁਤ ਵੱਡੀ ਤਾਕਤ ਹੈ। ਕੋਰੋਨਾ ਨੇ ਦੁਨੀਆ ਨੂੰ ਇਕ ਗੱਲ ਹੋਰ ਸਿਖਾ ਦਿਤੀ ਹੈ। ਵਿਸ਼ਵੀਕਰਨ ਮਹੱਤਵਪੂਰਨ ਹੈ ਪਰ ਇਸ ਦੇ ਨਾਲ-ਨਾਲ ਆਤਮਨਿਰਭਰਤਾ ਵੀ ਓਨੀ ਹੀ ਜ਼ਰੂਰੀ ਹੈ।'' ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਅੱਜ ਦੇਸ਼ ਦੇ ਨੌਜਵਾਨਾਂ ਨੂੰ, ਟੈਕਨੋਕ੍ਰੇਟਸ ਨੂੰ ਤਕਨੀਕ ਦੀ ਦੁਨੀਆ ਨੂੰ ਕਈ ਨਵੇਂ ਮੌਕੇ ਦੇਣ ਦੀ ਵੀ ਇਕ ਅਹਿਮ ਮੁਹਿੰਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਨੇ ਸੇਵਾਵਾਂ ਦੀ ਤੰਗ ਸਥਾਨਾਂ 'ਤੇ ਪਹੁੰਚ ਸੌਖੀ ਕੀਤੀ ਹੈ ਅਤੇ ਭ੍ਰਿਸ਼ਟਾਚਾਰ ਦੀ ਗੂੰਜਾਇਸ਼ ਨੂੰ ਘੱਟ ਕੀਤਾ ਹੈ। ਇਸ ਮੌਕੇ ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਸਿਖਿਆ ਮੰਤਰੀ ਸੰਜੇ ਧੋਤਰੇ ਵੀ ਹਾਜ਼ਰ ਸਨ। ਇਸ ਮੌਕੇ ਪੀ.ਐਚ.ਡੀ, ਐਮ.ਟੈਕ, ਮਾਸਟਰਜ਼ ਆਫ਼ ਡਿਜ਼ਾਈਨ, ਐਮ.ਬੀ.ਏ. ਦੇ ਵਿਦਿਆਰਥੀਆਂ ਸਮੇਤ 2000 ਤੋਂ ਵੱਧ ਗ੍ਰੇਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। (ਪੀਟੀਆਈ)