
ਸੌਦਾ ਸਾਧ ਨੂੰ ਅਕਤੂਬਰ ਵਿਚ ਦਿਤੀ ਗਈ ਸੀ ਇਕ ਦਿਨ ਦੀ ਗੁਪਤ ਪੈਰੋਲ
ਬੀਮਾਰ ਮਾਂ ਨੂੰ ਮਿਲਵਾਉਣ ਲਈ ਦਿਤੀ ਸੀ ਇਕ ਦਿਨ ਦੀ ਪੈਰੋਲ
ਚੰਡੀਗੜ੍ਹ, 7 ਨਵੰਬਰ (ਨੀਲ ਭਾਲਿੰਦਰ ਸਿੰਘ): ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਬਲਾਤਕਾਰ ਅਤੇ ਹਤਿਆ ਦੇ ਦੋਸ਼ ਵਿਚ ਵੱਖ ਵੱਖ ਸਜ਼ਾਵਾਂ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ ਵਿਚੋਂ ਚੁੱਪ ਚੁਪੀਤੇ ਇਕ ਦਿਨ ਲਈ ਪੈਰੋਲ 'ਤੇ ਬਾਹਰ ਕਢਿਆ ਜਾ ਚੁਕਾ ਹੈ।
ਮੀਡੀਆ ਹਵਾਲਿਆਂ ਨਾਲ ਮਿਲੀ ਪੁਖ਼ਤਾ ਜਾਣਕਾਰੀ ਮੁਤਾਬਕ ਲੰਘੀ 24 ਅਕਤੂਬਰ ਨੂੰ ਸੌਦਾ ਸਾਧ ਨੂੰ ਗੁਰੂਗ੍ਰਾਮ ਵਿਚ ਜ਼ੇਰੇ ਇਲਾਜ ਮਾਂ ਦਾ ਹਾਲ-ਚਾਲ ਜਾਨਣ ਲਈ ਪੂਰੇ 24 ਘੰਟਿਆਂ ਲਈ ਜੇਲ ਵਿਚੋਂ ਬਾਹਰ ਰਖਿਆ ਗਿਆ। ਹਾਲਾਂਕਿ ਇਹ ਕਾਰਵਾਈ ਹਰਿਆਣਾ ਗੁੱਡ ਕੰਡਕਟਜ਼ ਰੂਲਜ਼ ਪ੍ਰਿਜ਼ਨਰਸ (ਆਰਜ਼ੀ ਰਿਹਾਈ) 1988 ਤਹਿਤ ਕਾਨੂੰਨੀ ਤੌਰ 'ਤੇ ਹੀ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਖੇਤੀ ਆਧਾਰਤ ਸੂਬਿਆਂ ਖ਼ਾਸਕਰ ਹਰਿਆਣਾ ਅਤੇ ਪੰਜਾਬ ਵਿਚ ਸਿਆਸੀ ਹਾਸ਼ੀਏ 'ਤੇ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਭਾਜਪਾ ਸੌਦਾ ਸਾਧ ਖ਼ਾਸਕਰ ਡੇਰਾ ਪੈਰੋਕਾਰਾਂ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵਿਚ ਜ਼ਰੂਰ ਆਖੀ ਜਾ ਸਕਦੀ ਹੈ। ਦਸਣਯੋਗ ਹੈ ਕਿ ਸੌਦਾ ਸਾਧ ਜਿਸ ਅਪਰਾਧ ਸ਼੍ਰੇਣੀ ਦਾ ਦੋਖੀ ਹੈ। ਉਹ ਤਿੰਨ ਸਾਲ ਦੀ ਸਜ਼ਾ ਤੋਂ ਬਾਅਦ ਪੈਰੋਲ ਦੀ ਹੱਕਦਾਰ ਹੋਣ ਦੀ ਵੰਨਗੀ ਵਿਚ ਆ ਜਾਂਦਾ ਹੈ।
ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿਹਾ ਹੈ ਕਿ ਉਨ੍ਹਾਂ ਨੂੰ ਜੇਲ ਸੁਪਰਿੰਟੇਂਡੇਂਟ ਵਲੋਂ ਸੌਦਾ ਸਾਧ ਦੇ ਗੁਰੂਗਰਾਮ ਦੌਰੇ ਲਈ ਸੁਰੱਖਿਆ ਵਿਵਸਥਾ ਦੀ ਬੇਨਤੀ ਮਿਲੀ ਸੀ। ਅਸੀਂ 24 ਅਕਤੂਬਰ ਨੂੰ ਸਵੇਰੇ ਵਲੋਂ ਲੈ ਕੇ ਸ਼ਾਮ ਤਕ ਸੁਰੱਖਿਆ ਉਪਲਭਧ ਕਰਵਾਈ ਸੀ ।
ਸੱਭ ਕੁੱਝ ਸ਼ਾਂਤੀ ਨਾਲ ਹੋਇਆ । ਉਧਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੌਦਾ ਸਾਧ ਨੂੰ ਦਿਤੀ ਇਸ ਇਕ ਦਿਨਾ ਆਰਜ਼ੀ ਰਿਹਾਈ ਦੀ ਭਿਣਕ ਮੁੱਖ ਮੰਤਰੀ ਤੇ ਕੁੱਝ ਇਕ ਸਬੰਧਤ ਚੋਟੀ ਦੇ ਸੀਨੀਅਰ ਬਿਊਰੋਕ੍ਰੇਟਸ ਤੋਂ ਇਲਾਵਾ ਕਿਸੇ ਨੂੰ ਨਹੀਂ ਲੱਗਣ ਦਿਤੀ। ਇਸ ਕਾਰਵਾਈ ਨੂੰ ਇੰਨਾ ਕੁ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਿ ਸੁਨਾਰੀਆ ਜੇਲ ਤੋਂ ਗੁੜਗਾਉਂ ਤਕ ਲੈ ਕੇ ਜਾਣ ਵਾਲੇ ਸੁਰੱਖਿਆ ਅਮਲੇ ਦੇ ਵੱਡੇ ਹਿੱਸੇ ਨੂੰ ਵੀ ਇਹ ਨਹੀਂ ਪਤਾ ਲੱਗਣ ਦਿਤਾ ਕਿ ਉਹ ਕਿਸ ਨੂੰ ਐਸਕਾਰਟ ਕਰ ਕੇ ਲਿਜਾ ਰਹੇ ਹਨ।