
ਯਸ਼ਵਰਧਨ ਕੁਮਾਰ ਸਿਨ੍ਹਾ ਬਣੇ ਦੇਸ਼ ਦੇ ਨਵੇਂ ਸੂਚਨਾ ਕਮਿਸ਼ਨਰ, ਰਾਸ਼ਟਰਪਤੀ ਨੇ ਚੁਕਵਾਈ ਸਹੁੰ
ਨਵੀਂ ਦਿੱਲੀ, 7 ਨਵੰਬਰ : ਸੂਚਨਾ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨ੍ਹਾ ਦੇਸ਼ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ) ਬਣ ਗਏ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਸਨਿਚਰਵਾਰ ਉਨ੍ਹਾਂ ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁੱਕਵਾਈ। ਸੂਚਨਾ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨ੍ਹਾ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪੱਤਰਕਾਰ ਉਦੈ ਮਹੁਰਕਰ, ਸਾਬਕਾ ਕਿਰਤ ਸਕੱਤਰ ਹੀਰਾ ਲਾਲ ਸਮਾਰੀਆ ਤੇ ਸਾਬਕਾ ਡਿਪਟੀ ਕੈਗ ਸਰੋਜ ਪੁਨਹਾਨੀ ਨੂੰ ਸੂਚਨਾ ਕਮਿਸ਼ਨਰ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਇਨ੍ਹਾਂ ਲੋਕਾਂ ਦੀ ਚੋਣ ਕੀਤੀ ਸੀ। ਲੋਕ ਸਭਾ 'ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਮੇਟੀ ਦੇ ਮੈਂਬਰ ਹਨ। ਬ੍ਰਿਟੇਨ ਤੇ ਸ੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨਰ ਰਹੇ ਸਿਨ੍ਹਾ ਪਿਛਲੇ ਸਾਲ ਇਕ ਜਨਵਰੀ ਨੂੰ ਸੂਚਨਾ ਕਮਿਸ਼ਨਰ ਬਣੇ ਸਨ। ਸੂਚਨਾ ਕਮਿਸ਼ਨਰ ਦੇ ਰੂਪ 'ਚ ਬਿਮਲ ਜੁਲਕਾ ਦਾ ਕਾਰਜਕਾਲ 26 ਅਗੱਸਤ ਨੂੰ ਪੂਰਾ ਹੋਇਆ ਸੀ, ਉਦੋਂ ਤੋਂ ਇਹ ਅਹੁਦਾ ਖ਼ਾਲੀ ਸੀ। 62 ਸਾਲ ਦੇ ਸਿਨ੍ਹਾ ਦਾ ਕਾਰਜਕਾਲ ਕਰੀਬ 3 ਸਾਲ ਦਾ ਹੋਵੇਗਾ। ਸੀਆਈਸੀ ਜਾਂ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਪੰਜ ਸਾਲ ਜਾਂ ਉਨ੍ਹਾਂ ਦੇ 65 ਸਾਲ ਦੀ ਉਮਰ ਦੇ ਹੋਣ ਤਕ ਲਈ ਹੁੰਦੀ ਹੈ। image
(ਪੀਟੀਆਈ)