
ਪਟਰੌਲ ਉਪਰ ਵੈਟ 'ਚ 10 ਰੁਪਏ ਤੇ ਡੀਜ਼ਲ ਉਪਰ 5 ਰੁਪਏ ਲਿਟਰ ਦੀ ਕਟੌਤੀ ਕੀਤੀ
ਹੁਣ ਉਤਰੀ ਭਾਰਤ ਵਿਚ ਪਟਰੌਲ ਪੰਜਾਬ 'ਚ ਹੋਇਆ ਸੱਭ ਤੋਂ ਸਸਤਾ, ਬਿਲ ਆਏਗਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ
ਚੰਡੀਗੜ੍ਹ, 7 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਵੈਟ ਵਿਚ ਕਮੀ ਕਰਦਿਆਂ ਪਟਰੌਲ ਉਪਰ ਲੱਗੇ ਵੈਟ ਵਿਚ ਪ੍ਰਤੀ ਲਿਟਰ 10 ਰੁਪਏ ਅਤੇ ਡੀਜ਼ਲ ਵਿਚ 5 ਰੁਪਏ ਦੀ ਕਟੌਤੀ ਕੀਤੀ ਹੈ | ਇਹ ਫ਼ੈਸਲਾ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ | ਇਸ ਮੀਟਿੰਗ ਵਿਚ ਕੁੱਝ ਹੋਰ ਅਹਿਮ ਫ਼ੈਸਲੇ ਵੀ ਲਏ ਗਏ ਹਨ | ਕੇਂਦਰ ਵਲੋਂ ਪਟਰੌਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ ਕਮੀ ਕਰ ਕੇ ਲੋਕਾਂ ਨੂੰ ਦਿਤੀ ਰਾਹਤ ਬਾਅਦ ਅੱਜ ਪੰਜਾਬ ਦੀ ਚੰਨੀ ਸਰਕਾਰ ਨੇ ਵੀ ਪਟਰੌਲ 'ਤੇ ਲੱਗੇ ਵੈਟ ਵਿਚ 13.77 ਅਤੇ ਡੀਜ਼ਲ 'ਤੇ ਲੱਗੇ ਵੈਟ ਵਿਚ 9.92 ਫ਼ੀ ਸਦੀ ਵੀ ਕਮੀ ਕੀਤੀ ਹੈ |
ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੌਜੂਦਗੀ ਵਿਚ ਕਿਹਾ ਕਿ ਹੁਣ ਪੰਜਾਬ ਵਿਚ ਚੰਡੀਗੜ੍ਹ ਨੂੰ ਛੱਡ ਕੇ ਪੂਰੇ ਉਤਰ ਭਾਰਤ ਵਿਚ ਪਟਰੌਲ ਦਾ ਰੇਟ ਘੱਟ ਹੋ ਗਿਆ ਹੈ | ਚੰਨੀ ਨੇ ਕਿਹਾ ਕਿ ਭਾਜਪਾ ਦੇ ਕੇਂਦਰ ਵਿਚ ਸੱਤਾ ਵਿਚ ਆਉਣ ਸਮੇਂ ਪਟਰੌਲ ਡੀਜ਼ਲ ਕੀਮਤਾਂ ਵਿਚ ਵਾਧਾ ਘੱਟ ਕਰਨਾ ਵੀ ਮੁੱਖ ਵਾਅਦਿਆਂ ਵਿਚ ਸ਼ਾਮਲ ਸੀ ਪਰ ਪਿਛਲੇ 18 ਮਹੀਨਿਆਂ ਵਿਚ ਕੰਪਨੀਆਂ ਨੂੰ ਖੁਲ੍ਹ ਦੇ ਕੇ ਕੇਂਦਰ ਸਰਕਾਰ ਨੇ ਲੋਕਾਂ ਦੀ ਲੁੱਟ ਦੇ ਰੀਕਾਰਡ ਤੋੜ ਦਿਤੇ | ਪਟਰੌਲ 61 ਰੁਪਏ ਤੋਂ ਵੱਧ ਕੇ 100 ਰੁਪਏ ਨੂੰ ਵੀ ਪਾਰ ਕਰ ਗਿਆ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਵਿੱਤੀ ਹਾਲਾਤ ਮੁਤਾਬਕ ਖ਼ਰਚਾ ਪਾ ਰਹੀ ਹੈ ਕਿਉਂਕਿ ਲੋਕਾਂ 'ਤੇ ਪਹਿਲਾਂ ਹੀ ਬਹੁਤ ਵਿੱਤੀ ਭਾਰ ਹੈ | ਪਹਿਲਾਂ ਬਿਜਲੀ ਤੇ ਪਾਣੀ ਸਸਤੇ ਕੀਤੇ ਗਏ ਤੇ ਹੁਣ ਪਟਰੌਲ-ਡੀਜ਼ਲ ਸਸਤੇ ਕਰ ਕੇ ਰਾਹਤ ਦਿਤੀ ਗਈ ਹੈ ਤੇ ਹੋਰ ਵੱਡੀਆਂ ਰਾਹਤਾਂ ਵੀ ਆਉਣ ਵਾਲੇ ਦਿਨਾਂ ਵਿਚ ਦਿਤੀਆਂ ਜਾਣਗੀਆਂ |
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘਟਾ ਕੇ ਫੋਕੀ ਵਾਹ ਵਾਹ ਲੈ ਰਿਹਾ ਹੈ ਜਦਕਿ ਇਸ ਐਕਸਾਈਜ਼ ਡਿਊਟੀ ਵਿਚ ਵੀ 42 ਫ਼ੀ ਸਦੀ ਹਿੱਸਾ ਰਾਜਾਂ ਦਾ ਹੈ | ਪੰਜਾਬ ਨੂੰ ਸਾਲ ਵਿਚ 900 ਕਰੋੜ ਦਾ ਘਾਟਾ ਹੋਵੇਗਾ | ਹੁਣ ਵੈਟ ਕਮੀ ਕਰਨ ਨਾਲ 6000 ਕਰੋੜ ਰੁਪਏ ਸਾਲਾਨਾ ਦਾ ਮਾਲੀ ਘਾਟਾ ਹੋਣਾ ਹੈ |
ਪਿਛਲੇ 20 ਸਾਲਾਂ ਵਿਚ ਹੁਣ ਪੰਜਾਬ ਵਿਚ ਪਟਰੌਲ ਤੇ ਡੀਜ਼ਲ ਸੱਭ ਤੋਂ ਸਸਤਾ ਹੋਇਆ ਹੈ | ਉਨ੍ਹਾਂ ਅੰਕੜੇ ਦਿੰਦਿਆਂ ਦਸਿਆ ਕਿ ਹੁਣ ਹਰਿਆਣਾ ਨਾਲੋਂ ਵੀ ਪੰਜਾਬ ਵਿਚ ਪਟਰੌਲ 3 ਰੁਪਏ ਅਤੇ ਡੀਜ਼ਲ 3.23 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ ਅਤੇ ਚੰਡੀਗੜ੍ਹ ਦੇ ਲਗਭਗ ਬਰਾਬਰ ਆ ਗਿਆ ਹੈ ਜੋ ਪਹਿਲਾਂ ਬਹੁਤ ਅੰਤਰ ਸੀ | ਇਸ ਨਾਲ ਪੰਜਾਬ ਦੇ ਪਟਰੌਲ ਪੰਪ ਡੀਲਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ |
ਇਹ ਫ਼ੈਸਲੇ ਵੀ ਹੋਏ ਕੈਬਨਿਟ ਮੀਟਿੰਗ ਵਿਚ
ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਵਿਚ ਨਗਰ ਸੁਧਾਰ ਟਰੱਸਟ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ ਰਾਸ਼ੀ ਉਤੇ ਵਿਆਜ਼ ਦਰ ਵਿਚ 50 ਫ਼ੀ ਸਦੀ ਘਟਾਉਣ ਦੀ ਪ੍ਰਵਾਨਗੀ ਦਿਤੀ ਗਈ ਹੈ | 15 ਫ਼ੀਸਦੀ ਸਾਲਾਨਾ ਵਿਆਜ਼ ਦਰ ਘਟਾ ਕੇ 7.5 ਫ਼ੀ ਸਦੀ ਕਰ ਦਿਤੀ ਹੈ | ਇਸ ਨਾਲ 40 ਪ੍ਰਵਾਰਾਂ ੂ ਲਾਭ ਹੋਵੇਗਾ | ਇਕ ਹੋਰ ਅਹਿਮ ਫ਼ੈਸਲੇ ਵਿਚ ਪੰਜਾਬੀ ਤੇ ਹੋਰ ਭਾਸ਼ਾਵਾ ਬਾਰੇ ਸਿਖਿਆ ਐਕਟ 2008 ਦੇ ਉਪਬੰਧ ਦੀ ਉਲੰਘਣਾ ਹੋਣ ਦਾ ਜੁਰਮਾਨਾ ਵਧਾਉਣ ਦੀ ਪ੍ਰਵਾਨਗੀ ਦਿਤੀ ਗਈ ਹੈ | ਇਸ ਦਾ ਮਕਸਦ ਸੂਬੇ ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀ ਤਕ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖ਼ਤੀ ਨਾਲ ਲਾਗੂ ਕਰਨਾ ਹੈ | ਐਕਟ ਦੇ ਉਪਬੰਧ ਦੀ ਉਲੰਘਣਾ ਹੋਣ ਤੇ ਜੁਰਮਾਨਾ ਰਾਸ਼ੀ 25000, 50 ਹਜ਼ਾਰ ਤੇ 1 ਲੱਖ ਤੋਂ ਵਧਾ ਕੇ 50 ਹਜ਼ਾਰ ਤੇ ਇਕ ਲੱਖ ਤਕ ਕਰ ਦਿਤੀ ਜਾਵੇਗੀ | ਰਾਜ ਭਾਸ਼ਾ ਐਕਟ 1967 ਵਿਚ ਸੋਧ ਕਰ ਕੇ ਦਫ਼ਤਰੀ ਕੰਮਕਾਜ ਪੰਜਾਬੀ ਵਿਚ ਨਾ ਕਰਨ ਵਾਲਿਆਂ ਨੂੰ ਜੁਰਮਾਨੇ 'ਤੇ ਸਜ਼ਾ ਦੀ ਵਿਵਸਥਾ ਕੀਤੇ ਜਾਣ ਨੂੰ ਮੰਜ਼ੂਰੀ ਦਿਤੀ ਗਈ ਹੈ | ਇਸ ਬਾਰੇ ਬਿਲ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਆਏਗਾ | ਪੰਜਾਬ ਟਿਸ਼ੂ ਕਲਚਰ ਆਧਾਰਤ ਬੀਜ ਪੋਟੈਟੋ ਰੂਲਜ਼ 2021 ਨੂੰ ਮੰਜ਼ੂਰੀ ਦਿਤੀ ਗਈ | ਇਸ ਨਾਲ ਪੰਜਾਬ ਨੂੰ ਆਲੂ ਬੀਜ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ |