
ਪਨਸਪ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
ਪੱਟੀ, 7 ਨਵੰਬਰ (ਅਜੀਤ ਸਿੰਘ ਘਰਿਆਲਾ/ਪ੍ਰਦੀਪ) : ਅੱਜ ਤੜਕਸਾਰ ਹਰੀਕੇ ਪਿ੍ਗੜੀ ਰੋਡ ਉਪਰ ਪਨਸਪ ਪੰਜਾਬ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਕੁਲਦੀਪ ਸਿੰਘ ਪੰਨਗੋਟਾ ਉਪਰ ਸਕਾਰਪੀਉ ਸਵਾਰ ਤਿੰਨ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਜਦ ਉਹ ਅਪਣੀ ਇਨੋਵਾ ਗੱਡੀ 'ਤੇ ਤੜਕਸਾਰ ਕਰੀਬ 5.30 ਪਿੰਡ ਪਨਗੋਟਾ ਤੋਂ ਪੱਟੀ ਆ ਰਹੇ ਸਨ |
ਘਟਨਾ ਸਬੰਧੀ ਐਸ.ਆਈ. ਲਖਬੀਰ ਸਿੰਘ ਥਾਣਾ ਮੁੱਖੀ ਸਿਟੀ ਪੱਟੀ ਨੇ ਦਸਿਆ ਕਿ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਜ਼ਖ਼ਮੀ ਕੁਲਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪੰਨਗੋਟਾ ਨੇ ਦਸਿਆ ਕਿ ਮੈਂ ਅੱਜ ਕਰੀਬ ਪੰਜ ਵਜੇ ਪਿੰਡ ਪੰਨਗੋਟਾ ਵਿਖੇ ਲਗਾਏ ਜਾ ਰਹੇ ਬਾਬਾ ਨਾਗਾ ਦੇ ਮੇਲੇ ਸਬੰਧੀ ਪੱਟੀ ਮੰਡੀ ਵਿਚੋਂ ਸਬਜ਼ੀਆਂ ਖਰੀਦਣ ਲਈ ਅਪਣੀ ਇਨੋਵਾ ਗੱਡੀ 'ਤੇ ਆ ਰਿਹਾ ਸੀ ਜਦ ਮੈਂ ਪਿ੍ਗੜੀ ਰੋਡ ਤੋਂ ਪੱਟੀ ਚੜ੍ਹਨ ਸੜਕ ਉਪਰ ਚੜ੍ਹਨ ਲੱਗਾ ਸੀ ਕਿ ਪਿੱਛੋਂ ਚਿੱਟੇ ਰੰਗ ਦੀ ਸਕਾਰਪੀਉ ਗੱਡੀ 'ਤੇ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਮੇਰੀ ਗੱਡੀ ਅੱਗੇ ਗੱਡੀ ਖੜੀ ਕਰ ਦਿਤੀ ਅਤੇ ਦੋ ਜਣੇ ਉਤਰ ਕੇ ਆਏ ਅਤੇ ਇਕ ਨੇ ਮੇਰੇ ਮੱਥੇ ਉਪਰ ਪਿਸਟਲ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿਤੀ, ਮੈਂ ਉਕਤ ਵਿਅਕਤੀ ਨੂੰ ਗਲੇ ਤੋਂ ਫੜ ਲਿਆ, ਉਸ ਵਲੋਂ ਚਲਾੲਓੀ ਗੋਲੀ ਮੇਰੇ ਕੰਨ ਨਾਲ ਖਹਿ ਕੇ ਗੱਡੀ ਦੇ ਸ਼ੀਸ਼ੇ 'ਤੇ ਜਾ ਲੱਗੀ | ਉਕਤ ਵਿਅਕਤੀ ਨੇ ਇਕ ਹੋਰ ਗੋਲੀ ਚਲਾਈ ਜੋ ਕਿ ਸ਼ੀਸ਼ੇ 'ਤੇ ਹੀ ਲੱਗੀ | ਮੈਂ ਜਦੋਂ ਗੱਡੀ ਭਜਾਉਣ ਲੱਗਾ ਤਾਂ ਉਸ ਨੇ ਇਕ ਹੋਰ ਗੋਲੀ ਚਲਾ ਦਿਤੀ ਜੋ ਗੱਡੀ ਦੀ ਬਾਰੀ ਵਿਚੋਂ ਲੰਘ ਕੇ ਮੇਰੇ ਸੱਜੇ ਪੱਟ ਵਿਚ ਲੱਗੀ, ਜਿਸ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਇਲਾਜ ਚਲ ਰਿਹਾ ਹੈ | ਕੁਲਦੀਪ ਸਿੰਘ ਪੰਨਗੋਟਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮੁੱਕਦਮਾ ਦਰਜ ਕਰਨ ਉਪਰੰਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਹਸਪਤਾਲ ਵਿਚ ਕੁਲਦੀਪ ਸਿੰਘ ਦਾ ਹਾਲਚਾਲ ਜਾਣਨ ਲਈ ਪਹੁੰਚੇ | ਉਨ੍ਹਾਂ ਪੁਲਿਸ ਨੂੰ ਕਿਹਾ ਕਿ ਤੁਰਤ ਦੋਸ਼ੀਆਂ ਦੀ ਭਾਲ ਕੀਤੀ ਜਾਵੇ |
07-04---------------