
8 ਤੇ 11 ਨਵੰਬਰ ਨੂੰ ਚੱਲੇਗੀ ਸਦਨ ਵਿਚ ਕਾਰਵਾਈ, ਪ੍ਰੋਗਰਾਮ ਜਾਰੀ, ਅੱਜ ਸਿਰਫ਼ ਹੋਣਗੀਆਂ ਸ਼ਰਧਾਂਜਲੀਆਂ
ਚੰਡੀਗੜ੍ਹ (ਭੁੱਲਰ): 15ਵੀਂ ਪੰਜਾਬ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਇਜਲਾਸ ਹੁਣ ਇਕ ਦਿਨ ਦੀ ਥਾ ਦੋ ਦਿਨ ਹੋਵੇਗਾ। ਇਸ ਸਬੰਧੀ ਪ੍ਰਸਤਾਵ ਨੂੰ ਅੱਜ ਕੈਬਨਿਟ ਮੀਟਿੰਗ ਵਿਚ ਪ੍ਰਵਾਨਗੀ ਦਿੰਦੇ ਹੋਏ ਪਹਿਲੇ ਤੈਅ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਹੁਣ ਨਵੇਂ ਪ੍ਰੋਗਰਾਮ ਦੇ ਵੇਰਵੇ ਵੀ ਜਾਰੀ ਕਰ ਦਿਤੇ ਹਨ।
Punjab Vidhan Sabha
ਇਸ ਮੁਤਾਬਕ ਹੁਣ 8 ਨਵੰਬਰ ਅਤੇ 11 ਨਵੰਬਰ ਵਾਲੇ ਦਿਨ ਸੈਸ਼ਨ ਦੀ ਕਾਰਵਾਈ ਹੋਵੇਗੀ ਜਦਕਿ 9 ਅਤੇ 10 ਨਵੰਬਰ ਨੂੰ ਸੈਸ਼ਨ ਵਿਚ ਛੁੱਟੀ ਰੱਖੀ ਗਈ ਹੈ। ਜਾਰੀ ਪ੍ਰੋਗਰਾਮ ਅਨੁਸਾਰ 8 ਨਵੰਬਰ ਸਵੇਰੇ 10 ਵਜੇ ਸਦਨ ਦੀ ਕਾਰਵਾਈ ਦੌਰਾਨ ਸਿਰਫ਼ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਹੋਵੇਗੀ।
Punjab Vidhan Sabha
11 ਨਵੰਬਰ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ਼ ਦਾ ਘੇਰਾ ਵਧਾ ਕੇ 15 ਤੋਂ 50 ਕਿਲੋਮੀਟਰ ਕਰਨ ਦਾ ਫ਼ੈਸਲਾ ਰੱਦ ਕਰਨ ਲਈ ਪ੍ਰਸਤਾਵ ਆਵੇਗਾ। ਇਸੇ ਦਿਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਪਾਸ ਕੀਤੇ ਜਾਣ ਵਾਲੇ ਹੋਰ ਬਿਲ ਪੇਸ਼ ਹੋਣਗੇ। ਸੈਸ਼ਨ ਵਿਚ 8 ਨਵੰਬਰ ਨੂੰ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਣੀ ਹੈ, ਉਨ੍ਹਾਂ ਵਿਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਰਵਿੰਦਰ ਸਿੰਘ ਸੰਧੂ ਤੇ ਸ਼ਹੀਦ ਫ਼ੌਜੀਆਂ ਦੇ ਨਾਂ ਸ਼ਾਮਲ ਹਨ।