
ਸਿੱਖ ਸਾਈਕਲ ਸਵਾਰਾਂ ਨੇ ਪੰਜਾਬੀ ਬੋਲਣ, ਦਸਤਾਰ ਸਜਾਉਣ ਤੇ ਤੰਦਰੁਸਤ ਰਹਿਣ ਦਾ ਦਿਤਾ ਸੁਨੇਹਾ
ਨਵੀਂ ਦਿੱਲੀ, 7 ਨਵੰਬਰ (ਅਮਨਦੀਪ ਸਿੰਘ): ਸਿੱਖ ਸਾਈਕਲ ਸਵਾਰਾਂ ਨੇ ਦਿੱਲੀ ਤੋਂ ਪੰਜਾਬ ਤੱਕ ਦਾ ਤਕਰੀਬਨ 800 ਕਿਲੋਮੀਟਰ ਸਫ਼ਰ ਕਰ ਕੇ, ਦਸਤਾਰ ਦਾ ਮਾਣ ਕਾਇਮ ਰੱਖਣ, ਪੰਜਾਬੀ ਬੋਲੀ ਨਾਲ ਜੁੜਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿਤਾ |
'ਟਰਬਨੇਟਰਸ: ਦ ਪੈਡਲਰਸ' ਦੇ ਨਾਂਅ ਤੋਂ ਪ੍ਰਸਿੱਧ ਦਸਤਾਰਧਾਰੀ ਸਾਈਕਲ ਸਵਾਰਾਂ ਦੇ ਜੱਥੇ ਦੀ ਇਹ ਦਿੱਲੀ ਤੋਂ ਬਾਹਰ 13 ਵੀਂ ਸਾਈਕਲ ਯਾਤਰਾ ਸੀ ਜਿਸ ਅਧੀਨ 32 ਸਾਈਕਲ ਸਵਾਰਾਂ ਨੇ 2 ਤੋਂ 6 ਨਵੰਬਰ ਤੱਕ ਦਿੱਲੀ ਤੋਂ ਲੁਧਿਆਣਾ, ਮੁਕਤਸਰ ਫਿਰ ਤਰਨਤਾਰਨ ਤੋਂ ਵਾਪਸ ਲੁਧਿਆਣਾ ਤੱਕ ਸਾਈਕਲਾਂ ਰਾਹੀਂ ਸਫ਼ਰ ਤੈਅ ਕੀਤਾ | ਇਹ ਜੱਥਾ ਹਰ ਹਫ਼ਤੇ ਦਿੱਲੀ ਵਿਚ ਵੱਖ-ਵੱਖ ਥਾਂਵਾਂ ਤੱਕ ਸਾਈਕਲਾਂ ਦੀ ਸਵਾਰੀ ਕਰਦਾ ਹੈ |
'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ 'ਦਸਤਾਰਧਾਰੀ ਸਾਈਕਲ ਸਵਾਰ' ਜੱਥੇ ਦੇ ਮੋਢੀ ਸ.ਜਗਦੀਪ ਸਿੰਘ ਪੁਰੀ ਨੇ ਦਸਿਆ, T ਪੰਜਾਬ ਦੀ ਇਹ ਯਾਤਰਾ, ਪੱਗੜੀ ਸੰਭਾਲ ਜੱਟਾ, ਪੰਜਾਬੀ ਸਿੱਖੀਏ ਅਤੇ ਸਿਖਾਈਏ, ਮਾਂ ਬੋਲੀ ਦਾ ਮਾਣ ਵਧਾਈਏ ਤੇ ਸਰੀਰਕ ਸਿਹਤ ਸੰਭਾਲ ਨੂੰ ਸਮਰਪਤ ਸੀ | ਅਸੀਂ ਖ਼ੇਡਾਂ ਵਿਚ ਦਸਤਾਰਧਾਰੀ ਸਿੱਖ ਨੌਜਵਾਨਾਂ ਦੀ ਘਾਟ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ ਤਾਕਿ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਵਲੋਂ ਬਖ਼ਸ਼ੀ ਦਸਤਾਰ ਨੂੰ ਸਜਾ ਕੇ, ਖੇਡਾਂ ਵਿਚ ਹਿੱਸਾ ਲੈ ਕੇ ਮਾਣ ਮਹਿਸੂਸ ਕਰਨ |''
ਦਸਤਾਰਧਾਰੀ ਸਾਈਕਲ ਸਵਾਰਾਂ ਦਾ ਜੱਥਾ ਬਨਾਉਣ ਬਨਾਉਣ ਬਾਰੇ ਪੁੱਛਣ 'ਤੇ ਸ.ਪੁਰੀ, (ਜੋ ਕਿੱਤੇ ਵਜੋਂ ਗ੍ਰਾਫ਼ਿਕ ਡਿਜ਼ਾਈਨਰ ਹਨ) ਨੇ ਦਸਿਆ, Tਜਦ ਸਾਈਕਲ ਸਵਾਰੀ ਦੇ ਇਕ ਪ੍ਰੋਗਰਾਮ ਵਿਚ ਉਨਾਂ੍ਹ ਨੂੰ ਹਿੱਸਾ ਲੈਣ ਤੋਂ ਸਿਰਫ਼ ਇਸ ਲਈ ਰੋਕ ਦਿਤਾ ਗਿਆ ਕਿ ਉਨ੍ਹਾਂ ਪੱਗ ਬੰਨ੍ਹੀ ਹੋਈ ਹੈ ਤੇ ਹੈਲਮੇਟ ਪਾਉਣਾ ਲਾਜ਼ਮੀ ਹੈ, ਤਾਂ ਉਨਾਂ੍ਹ ਤੇ 4 ਹੋਰ ਉਤਸ਼ਾਹੀ ਸਾਥੀਆਂ ਨੇ ਮਿਲ ਕੇ 13 ਅਪ੍ਰੈਲ 2016 ਨੂੰ ਪੱਗ ਸਜਾਉਣ ਵਾਲੇ ਸਾਈਕਲ ਸਵਾਰਾਂ ਦਾ ਗਰੁੱਪ ਬਣਾਇਆ ਜਿਸਦਾ ਕਾਫ਼ਲਾ ਅੱਗੇ ਵੱਧਦਾ ਜਾ ਰਿਹਾ ਹੈ |''
ਭਾਰਤ ਵਿਚ 200 ਅਤੇ ਦਿੱਲੀ ਵਿਚ 250 ਦਸਤਾਰਧਾਰੀ ਸਿੱਖ ਇਸ ਜੱਥੇ ਨਾਲ ਜੁੜੇ ਹੋਏ ਹਨ | ਗਰੁੱਪ ਵਿਚ ਸ਼ਾਮਲ ਹੋਣ ਲਈ ਸਿੱਖ ਹੋ ਕੇ ਦਸਤਾਰ ਸਜਾਉਣਾ ਮੁੱਢਲੀ ਸ਼ਰਤ ਹੈ | ਗੈਰ ਸਿੱਖ ਵੀ ਇਸ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ |