
ਦਿੱਲੀ ਦੇ ਨਗਰ ਕੀਰਤਨ ਵਿਚ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਸੰਗਤ ਨੂੰ ਕੀਤਾ ਜਾਗਰੂਕ
ਨਵੀਂ ਦਿੱਲੀ, 7 ਨਵੰਬਰ (ਅਮਨਦੀਪ ਸਿੰਘ): ਦਿੱਲੀ ਵਿਚ ਅੱਜ ਕੱਢੇ ਗਏ ਗੁਰੂ ਨਾਨਕ ਸਾਹਿਬ ਦੇ ਨਗਰ ਕੀਰਤਨ ਵਿਚ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਜਾਗਰੂਕ ਕਰ ਕੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਬੰਦੀਆਂ ਦੀ ਰਿਹਾਈ ਮੰਗੀ ਗਈ |
ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਵਿਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਦੇ ਨੁਮਾਇੰਦਿਆਂ ਨੇ ਸਿੱਖ ਬੰਦੀਆਂ ਦੀ ਫ਼ੋਟੋਆਂ ਵਾਲੇ ਬੈਨਰ ਹੱਥਾਂ ਵਿਚ ਲੈ ਕੇ ਤੇ ਬੰਦੀਆਂ ਦੀ ਫ਼ੋਟੋਆਂ ਵਾਲੀ ਟੀ ਸ਼ਰਟਾਂ ਪਾ ਕੇ, ਬੰਦੀਆਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕੀਤੀ |
ਬਜ਼ੁਰਗ ਹਰਬੰਸ ਸਿੰਘ ਦਾ ਜਜ਼ਬਾ ਵੇਖਣ ਵਾਲਾ ਸੀ, ਜੋ ਵੀਲ੍ਹ ਚੇਅਰ 'ਤੇ ਹੀ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਬੰਦੀਆਂ ਦੀ ਰਿਹਾਈ ਕਰ ਰਹੇ ਸਨ | ਬੰਦੀਆਂ ਦੀ ਰਿਹਾਈ ਲਈ ਬੰਗਲਾ ਸਾਹਿਬ ਲੱਗੇ ਮੋਰਚੇ ਵਿਚ ਵੀ ਉਹ ਲਗਾਤਾਰ ਡਟੇ ਰਹੇ ਸਨ |
ਮੋਰਚੇ ਦੇ ਨੁਮਾਇੰਦਿਆਂ ਗੁਰਦੀਪ ਸਿੰਘ ਮਿੰਟੂ, ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਡਾ.ਪਰਮਿੰਦਰਪਾਲ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ, Tਨਗਰ ਕੀਰਤਨ ਵਿਚ ਬੰਦੀਆਂ ਦੀ ਰਿਹਾਈ ਬਾਰੇ ਸਾਡੇ ਯਤਨ ਸਫ਼ਲ ਰਹੇ ਹਨ, ਕਿਉਂਕਿ ਇਸ ਵਿਚ ਹਜ਼ਾਰਾਂ ਸਿੱਖ ਤੇ ਗੈਰ ਸਿੱਖ ਸ਼ਾਮਲ ਹੋਏ ਜਿਨ੍ਹਾਂ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਈ ਹੈ |''
ਉਨ੍ਹਾਂ ਦਸਿਆ ਕਿ ਦਿੱਲੀ ਦੀਆਂ ਵੱਖ ਵੱਖ ਕਾਲੋਨੀਆਂ ਵਿਚ ਆਉਣ ਵਾਲੇ ਦਿਨਾਂ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਵਿਚ ਵੀ ਸ਼ਾਮਲ ਹੋ ਕੇ ਮੋਰਚੇ ਦੇ ਨੁਮਾਇੰਦੇ ਸਿੱਖ ਬੰਦੀਆਂ ਨਾਲ ਹੋ ਰਹੀ ਬੇਇਨਸਾਫ਼ੀ ਬਾਰੇ ਸੰਗਤਾਂ ਨੂੰ ਦੱਸ ਕੇ ਲੋਕ ਲਹਿਰ ਸਿਰਜਣਗੇ |
ਇਸ ਮੌਕੇ ਮਨਜੀਤ ਸਿੰਘ, ਹਰਵਿੰਦਰ ਸਿੰਘ ਭਾਟੀਆ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਤੇ ਹੋਰ ਵੀ ਸ਼ਾਮਲ ਹੋਏ |
ਫ਼ੋਟੋ ਕੈਪਸ਼ਨ:-