
Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖਣ ਦਾ ਦਿੱਤਾ ਆਦੇਸ਼
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਰਤ ਦੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵਲੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਸੇਵਾਵਾਂ ਵਿਚ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਵਿਰੁੱਧ ਕਿਰਪਾਨ ਪਹਿਨਣ ’ਤੇ ਪਾਬੰਦੀ ਦੇ ਜਾਰੀ ਕੀਤੇ ਆਦੇਸ਼ ਨੂੰ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਦਿੱਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਕਰਕੇ ਭਾਰਤ ਦੇ ਹਵਾਈ ਅੱਡਿਆਂ ’ਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਜਾਣਾ, ਜਿੱਥੇ ਅਸਿੱਧੇ ਤੌਰ ‘ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਤੁਰੰਤ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਅਨਿਆਂਕਾਰੀ ਪਾਬੰਦੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਜਲਦ ਹੀ ਭਾਰਤ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕਰਕੇ ਹਵਾਈ ਅੱਡਿਆਂ ’ਤੇ ਨੌਕਰੀ ਕਰਦੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿਵਾਉਣ ਸਬੰਧੀ ਇਕ ਉੱਚ ਪੱਧਰੀ ਵਫਦ ਬਣਾ ਕੇ ਭੇਜਿਆ ਜਾਵੇ।
(For more news apart from Amritdhari employees banned wearing kirpan is an attack on religious freedom Sikh community: Giani Raghbir Singh News in Punjabi, stay tuned to Rozana Spokesman)