ਅੱਗ ਦੀਆਂ ਲਪਟਾਂ ’ਚ ਝੁਲਸੇ ਗਏ ਸੁਖਦੇਵ ਸਿੰਘ ਹਸਪਤਾਲ ’ਚ ਭਰਤੀ
ਤਰਨ ਤਾਰਨ : ਤਰਨ ਤਾਰਨ ਵਿਖੇ ਹੋ ਰਹੀ ਉਪ ਚੋਣ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਚੋਣ ਇੰਚਾਰਜ ਸੁਖਦੇਵ ਸਿੰਘ ਉੱਪਰ ਅੰਮ੍ਰਿਤਸਰ ਹਾਈਵੇ ’ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੈਟਰੋਲ ਨੁਮਾ ਬੰਬ ਨਾਲ ਸੁਖਦੇਵ ਸਿੰਘ ਦੀ ਗੱਡੀ ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਸੁਖਦੇਵ ਸਿੰਘ ਨੇ ਜਦੋ-ਜਹਿਦ ਕਰਕੇ ਆਪਣੀ ਜਾਨ ਬਚਾਈ, ਪਰ ਉਹ ਇਨ੍ਹਾਂ ਅੱਗ ਦੀਆਂ ਲਪਟਾਂ ’ਚ ਝੁਲਸੇ ਗਏ ਅਤੇ ਉਹ ਇਸ ਵਕਤ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹਨ।
ਵਾਰਿਸ ਪੰਜਾਬ ਜਥੇਬੰਦੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਇਸ ਸਬੰਧੀ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਦਿੱਤੀ ਅਤੇ ਉਨ੍ਹਾਂ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਉਪ ਚੋਣ ਨੂੰ ਲੈ ਕੇ ਕਿਸੇ ਵਿਰੋਧੀ ਪਾਰਟੀ ਵੱਲੋਂ ਕਥਿਤ ਤੌਰ ’ਤੇ ਇਹ ਹਮਲਾ ਕੀਤਾ ਗਿਆ ਹੋ ਸਕਦਾ ਹੈ। ਜਿਸ ਦੀ ਪ੍ਰਸ਼ਾਸਨ ਵੱਲੋਂ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
